ਫਲੋਰੀਡਾ (ਅਮਰੀਕਾ) ‘ਚ ਤੂਫਾਨ ਇਆਨ ਦੀ ਦਸਤਕ ਤੋਂ ਬਾਅਦ ਇਸ ਦਾ ਕਹਿਰ ਜਾਰੀ ਹੈ। ਇਹ ਤੂਫਾਨ ਲਗਾਤਾਰ ਤੇਜ਼ ਹੁੰਦਾ ਜਾ ਰਿਹਾ ਹੈ। ਤੂਫਾਨ ਨਾਲ ਫਲੋਰੀਡਾ ਸ਼ਹਿਰ ‘ਚ ਭਾਰੀ ਤਬਾਹੀ ਹੋਈ ਹੈ। ਲੱਖਾਂ ਲੋਕ ਬੇਘਰ ਹੋ ਗਏ ਹਨ। ਸਾਢੇ 8 ਲੱਖ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ ਹੈ। ਫਿਲਹਾਲ ਬਿਜਲੀ ਅਤੇ ਆਵਾਜਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਘਰਾਂ ਅੰਦਰ ਪਾਣੀ ਭਰ ਚੁੱਕਾ ਹੈ। ਹਾਲਾਤ ਬਦਤਰ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ‘ਚ ਫਲੋਰੀਡਾ ‘ਚ ਪ੍ਰਵਾਸੀ ਭਾਰਤੀ ਰਹਿੰਦੇ ਹਨ। ਤੂਫਾਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਦੋ ਲੋਕਾਂ ਦੀ ਮੌਤ ਹੋ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। 4000 ਦੇ ਕਰੀਬ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਡੌਂਕੀ ਲਾ ਰਹੇ ਪ੍ਰਵਾਸੀਆਂ ਦੀ ਇਕ ਕਿਸ਼ਤੀ ਡੁੱਬ ਜਾਣ ਦੀ ਵੀ ਖ਼ਬਰ ਸਾਹਮਣੇ ਆਈ ਹੈ। ਕਿਸ਼ਤੀ ‘ਚ ਸਵਾਰ ਪ੍ਰਵਾਸੀਆਂ ਦੀ ਗਿਣਤੀ 23 ਦੱਸੀ ਗਈ ਹੈ। ਇਹ ਸਾਰੇ ਲੋਕ ਫਿਲਹਾਲ ਲਾਪਤਾ ਹਨ। ਭਾਰਤੀ ਸਮੇਂ ਮੁਤਾਬਕ ਤੂਫਾਨ ਦੇਰ ਰਾਤ ਫਲੋਰੀਡਾ ‘ਚ ਦਾਖਲ ਹੋਇਆ। ਇਥੇ 250 ਕਿਲੋਮੀਟਰ ਤੇਜ਼ ਗਤੀ ਨਾਲ ਹਵਾਵਾਂ ਚੱਲ ਰਹੀਆਂ ਹਨ। ਭਾਰੀ ਮੀਂਹ ਪੈ ਰਿਹਾ ਹੈ। ਕਰੀਬ 20 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਤੱਟੀ ਖੇਤਰ ‘ਚ 2 ਤੋਂ 7 ਮੀਟਰ ਤੱਕ ਲਹਿਰਾਂ ਉੱਠ ਰਹੀਆਂ ਹਨ। ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਦਾ ਕਹਿਣਾ ਹੈ ਕਿ ਟੈਂਪਾ ਖਾੜੀ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਲੋਕਾਂ ਨੂੰ ਕੱਢਣ ਦੇ ਆਦੇਸ਼ ਦਿੱਤੇ ਗਏ ਹਨ। ਫਲੋਰੀਡਾ ‘ਚ ਤੂਫਾਨ ਦੀ ਦਸਤਕ ਕਾਰਨ ਟੈਂਪਾ ਅਤੇ ਸੇਂਟ ਪੀਟਰਸਬਰਗ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਹੋ ਸਕਦੇ ਹਨ। ਇਸ ਨੂੰ ਸਦੀ ਦਾ ਸਭ ਤੋਂ ਭਿਆਨਕ ਤੂਫਾਨ ਮੰਨਿਆ ਜਾ ਰਿਹਾ ਹੈ। ਰਾਜਪਾਲ ਨੇ ਕਿਹਾ ਕਿ ਪ੍ਰਸ਼ਾਸਨ ਨੇ ਨੈਸ਼ਨਲ ਗਾਰਡ ਦੇ 5000 ਜਵਾਨਾਂ ਨੂੰ ਤਿਆਰ ਕੀਤਾ ਹੈ।