ਡੈਲਟਾ ਵਿਚਲੇ ਫਰੇਜ਼ਰ ਦਰਿਆ ਕੰਢੇ ਬਣੇ ਫਾਈਵ ਰਿਵਰ ਫਿਊਨਰਲ ਹੋਮ ’ਚ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦਾ ਸਸਕਾਰ ਕਰ ਦਿੱਤਾ ਗਿਆ। ਅਣਪਛਾਤੇ ਹਮਲਾਵਰਾਂ ਨੇ ਬੀਤੀ 14 ਜੁਲਾਈ ਨੂੰ ਗੋਲੀਆਂ ਮਾਰ ਕੇ ਸਿੱਖ ਕਾਰੋਬਾਰੀ ਰਿਪੁਦਮਨ ਸਿੰਘ ਦੀ ਹੱਤਿਆ ਕਰ ਦਿੱਤੀ ਸੀ। ਸਸਕਾਰ ਮੌਕੇ ਬੀ.ਸੀ. ਦੀਆਂ ਗੁਰਦੁਆਰਾ ਕਮੇਟੀਆਂ ਤੇ ਹੋਰ ਸਿੱਖ ਸੰਸਥਾਵਾਂ ਦੇ ਅਹੁਦੇਦਾਰ ਹਾਜ਼ਰ ਸਨ। ਬੁਲਾਰਿਆਂ ਨੇ ਕਤਲ ਪਿੱਛੇ ਭਾਰਤੀ ਏਜੰਸੀਆਂ ਦੀ ਭੂਮਿਕਾ ਹੋਣ ਦਾ ਸ਼ੱਕ ਜਤਾਉਂਦਿਆਂ ਨਿਰਪੱਚ ਜਾਂਚ ਕਰਵਾਉਣ ਦੀ ਮੰਗ ਦੁਹਰਾਈ। ਉਨ੍ਹਾਂ ਕਾਰੋਬਾਰੀ ਦੇ ਕਤਲ ਮਗਰੋਂ ਅਫਵਾਹਾਂ ਫੈਲਾ ਕੇ ਭਾਈਚਾਰਕ ਵੰਡੀਆਂ ਪਾਉਣ ਦੀ ਵੀ ਨਿਖੇਧੀ ਕੀਤੀ। ਦੱਸਣਯੋਗ ਹੈ ਕਿ ਸਾਲ 1947 ’ਚ ਜਨਮੇ ਰਿਪੁਦਮਨ ਸਿੰਘ ਮਲਿਕ 1972 ’ਚ ਕੈਨੇਡਾ ਆਏ ਸਨ। ਸਾਲ 1986 ’ਚ ਉਨ੍ਹਾਂ ਇੱਥੇ ਖਾਲਸਾ ਕਰੈਡਿਟ ਯੂਨੀਅਨ ਨਾਂ ਵਾਲੇ ਸਹਿਕਾਰੀ ਬੈਂਕ ਦੀ ਸਥਾਪਨਾ ’ਚ ਮੋਢੀ ਦੀ ਭੂਮਿਕਾ ਨਿਭਾਈ ਤੇ ਉਸੇ ਸਾਲ ਪਹਿਲਾ ਖਾਲਸਾ ਸਕੂਲ ਸ਼ੁਰੂ ਕੀਤਾ, ਜਿਸ ਦੀਆਂ ਹੁਣ ਕਈ ਸ਼ਾਖਾਵਾਂ ਹਨ। ਮਲਿਕ ’ਤੇ 25 ਜੂਨ 1985 ਨੂੰ ਕੈਨੇਡਾ ਤੋਂ ਇੰਡੀਆ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ’ਤੇ ਬੰਬ ਧਮਾਕੇ ਕਰਨ ਦੀ ਸਾਜ਼ਿਸ਼ ਘਡ਼ਨ ਦੇ ਦੋਸ਼ ਲੱਗੇ ਸਨ ਪਰ ਉੱਚ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ 2005 ’ਚ ਬਰੀ ਕਰ ਦਿੱਤਾ ਸੀ। ਦੋ ਸਾਲ ਪਹਿਲਾਂ ਮਲਿਕ ਤੇ ਉਸ ਦੇ ਭਾਈਵਾਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਅਵੱਗਿਆ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕਰਵਾਈ ਸੀ, ਜੋ ਚਰਚਾ ਮਗਰੋਂ ਉਨ੍ਹਾਂ ਸਥਾਨਕ ਗੁਰਦੁਆਰੇ ਨੂੰ ਸੌਂਪ ਦਿੱਤੇ ਸਨ। ਢਾਈ ਕੁ ਸਾਲ ਪਹਿਲਾਂ ਮਲਿਕ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਸਿਫ਼ਤਾਂ ਵਾਲੀ ਚਿੱਠੀ ਲਿਖਣ ਮਗਰੋਂ ਮੁਡ਼ ਵਿਵਾਦਾਂ ’ਚ ਘਿਰੇ ਸਨ। ਘਟਨਾ ਤੋਂ ਇਕ ਹਫ਼ਤਾ ਬਾਅਦ ਵੀ ਪੁਲੀਸ ਅਜੇ ਤੱਕ ਕਾਤਲਾਂ ਦਾ ਪਤਾ ਨਹੀਂ ਲਗਾ ਸਕੀ ਹੈ। ਪੁਲੀਸ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ, ਪਰ ਹਾਲੇ ਤੱਕ ਪੁਲੀਸ ਦੇ ਹੱਥ ਕੋਈ ਪੁਖਤ ਸਬੂਤ ਨਹੀਂ ਲੱਗਾ ਹੈ।