ਫੀਫਾ ਵਰਲਡ ਕੱਪ ਦੇ ਰੋਮਾਂਚਕ ਤੇ ਉਤਸ਼ਾਹ ਨਾਲ ਭਰੇ ਮੁਕਾਬਲੇ ‘ਚ ਟਿਊਨੇਸ਼ੀਆ ਨੇ ਫਰਾਂਸ ਨੂੰ 1-0 ਨਾਲ ਹਰਾ ਕੇ ਟੂਰਨਾਮੈਂਟ ‘ਚ ਇਕ ਹੋਰ ਉਲਟਫੇਰ ਨੂੰ ਅੰਜ਼ਾਮ ਦਿੱਤਾ। ਐਜੂਕੇਸ਼ਨ ਸਿਟੀ ਸਟੇਡੀਅਮ ‘ਚ ਖੇਡੇ ਗਏ ਗਰੁੱਪ-ਡੀ ਮੈਚ ‘ਚ ਵਾਹਬੀ ਖਜ਼ਰੀ (58ਵਾਂ ਮਿੰਟ) ਨੇ ਜੇਤੂ ਟੀਮ ਦਾ ਗੋਲ ਕੀਤਾ। ਟਿਊਨੇਸ਼ੀਆ ਨੇ ਦੋ ਵਾਰ ਦੀ ਵਰਲਡ ਚੈਂਪੀਅਨ ਫਰਾਂਸ ਨੂੰ ਪਹਿਲੇ ਹਾਫ ‘ਚ ਸਖਤ ਟੱਕਰ ਦੇਣ ਤੋਂ ਬਾਅਦ ਦੂਜੇ ਹਾਫ ‘ਚ ਖਜ਼ਰੀ ਦੇ ਗੋਲ ਨਾਲ ਬੜ੍ਹਤ ਬਣਾ ਲਈ। ਟਿਊਨੇਸ਼ੀਆ ਨਿਰਧਾਰਿਤ ਸਮਾਂ ਖਤਮ ਹੋਣ ਤੋਂ ਬਾਅਦ ਜਿੱਤ ਵੱਲ ਵੱਧ ਰਿਹਾ ਸੀ ਪਰ ਐਂਟੋਇਨੇ ਗ੍ਰੀਜਮੈਨ ਨੇ ਵਾਧੂ ਸਮੇਂ ਦੇ ਆਖਰੀ ਪਲਾਂ ‘ਚ ਗੋਲ ਕਰ ਦਿੱਤਾ ਤੇ ਸਟੇਡੀਅਮ ‘ਚ ਸੰਨਾਟਾ ਛਾ ਗਿਆ। ਟਿਊਨੇਸ਼ੀਆਈ ਪ੍ਰਸ਼ੰਸਕਾਂ ਨੂੰ ਲੱਗਾ ਕਿ ਉਨ੍ਹਾਂ ਤੋਂ ਇਕ ਬੇਹੱਦ ਸ਼ਾਨਦਾਰ ਜਿੱਤ ਖੋਹ ਲਈ ਗਈ ਹੈ ਪਰ ਰੈਫਰੀ ਨੇ ਤਦ ਗੋਲ ਨੂੰ ਰੀਵਿਊ ਕਰਨ ਦਾ ਫੈਸਲਾ ਕੀਤਾ। ਰੈਫਰੀ ਨੇ ਵੀ.ਏ.ਆਰ. ਦੀ ਸਹਾਇਤਾ ਲੈ ਕੇ ਇਸ ਗੋਲ ਨੂੰ ਨਾਮਨਜ਼ੂਰ ਕਰ ਦਿੱਤਾ ਤੇ ਟਿਊਨੇਸ਼ੀਆ ਨੇ ਕਿਸੇ ਵੀ ਯੂਰਪੀਅਨ ਦੇਸ਼ ਵਿਰੁੱਧ ਆਪਣੀ ਪਹਿਲੀ ਜਿੱਤ ਦਰਜ ਕਰ ਲਈ। ਇਸ ਜਿੱਤ ਦੇ ਬਾਵਜੂਦ ਟਿਊਨੇਸ਼ੀਆ ਸੁਪਰ-16 ‘ਚ ਨਹੀਂ ਪਹੁੰਚ ਸਕੀ ਕਿਉਂਕਿ ਉਹ ਗਰੁੱਪ-ਡੀ ‘ਚ ਇਕ ਜਿੱਤ, ਇਕ ਡਰਾਅ ਤੇ ਇਕ ਹਾਰ ਦੇ ਨਾਲ ਤੀਜੇ ਸਥਾਨ ‘ਤੇ ਰਹੀ ਜਦਕਿ ਫਰਾਂਸ ਤੇ ਆਸਟਰੇਲੀਆ ਨੇ ਟਾਪ-2 ਦੇ ਰੂਪ ‘ਚ ਪਹਿਲੇ ਗੇੜ ਦੀ ਸਮਾਪਤੀ ਕੀਤੀ।