ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਪੁਲੀਸ ਹਿਰਾਸਤ ‘ਚੋਂ ਫ਼ਰਾਰ ਹੋਏ ਗੈਂਗਸਟਰ ਦੀਪਕ ਟੀਨੂ ਬਾਰੇ ਹਾਲੇ ਤੱਕ ਪੰਜਾਬ ਪੁਲੀਸ ਨੂੰ ਕੋਈ ਸਬੂਤ ਨਹੀਂ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਟੀਨੂ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਮਾਨਸਾ ਸੀ.ਆਈ.ਏ. ਦੇ ਸਾਬਕਾ ਇੰਚਾਰਜ ਸਬ ਇੰਸਪੈਕਟਰ ਪ੍ਰਿਤਪਾਲ ਸਿੰਘ ਦੇ ਸਰਕਾਰੀ ਘਰ ਗਿਆ ਸੀ ਜਿੱਥੇ ਟੀਨੂ ਦੀ ਪ੍ਰੇਮਿਕਾ ਪਹਿਲਾਂ ਹੀ ਮੌਜੂਦ ਸੀ। ਟੀਨੂ ਦੀ ਪ੍ਰੇਮਿਕਾ ਲੁਧਿਆਣਾ ਦੇ ਧਾਂਦਰਾ ਰੋਡ ਦੀ ਰਹਿਣ ਵਾਲੀ ਹੈ ਜਿਸ ਕਾਰਨ ਮਾਨਸਾ ਪੁਲੀਸ ਨੇ ਲੁਧਿਆਣਾ ‘ਚ ਛਾਪਾ ਮਾਰਿਆ। ਹਾਲਾਂਕਿ ਇਸ ਬਾਰੇ ਹਾਲੇ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਪੁਲੀਸ ਨੂੰ ਇਸ ਲੜਕੀ ਬਾਰੇ ਕਾਫ਼ੀ ਜਾਣਕਾਰੀ ਮਿਲੀ ਹੈ। ਟੀਨੂ ਦੀ ਪ੍ਰੇਮਿਕਾ ਦੀਆਂ ਦੋ ਸਹੇਲੀਆਂ ਵੀ ਪੁਲੀਸ ਦੇ ਨਿਸ਼ਾਨੇ ‘ਤੇ ਹਨ ਜਿਨ੍ਹਾਂ ਦੀ ਪੁਲੀਸ ਵਲੋਂ ਭਾਲ ਕੀਤੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਪੁਲੀਸ ਨੇ ਇਥੋਂ ਦੇ ਲੋਕਾਂ ਕੋਲੋਂ ਪੁੱਛ-ਪੜਤਾਲ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਿਸ ਗੱਡੀ ‘ਚ ਟੀਨੂ ਦੀ ਪ੍ਰੇਮਿਕਾ ਉਸ ਨੂੰ ਲੈ ਕੇ ਫ਼ਰਾਰ ਹੋਈ ਸੀ, ਉਸ ਯੋਜਨਾ ਬਾਰੇ ਇਨ੍ਹਾਂ ਦੋਹਾਂ ਲੜਕੀਆਂ ਨੂੰ ਜਾਣਕਾਰੀ ਸੀ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਟੀਨੂ ਦੀ ਸਹੇਲੀ ਨੂੰ ਮਾਨਸਾ ਤੱਕ ਪੁੱਜਣ ‘ਚ ਦੋ ਨੌਜਵਾਨਾਂ ਨੇ ਮਦਦ ਕੀਤੀ ਸੀ ਜਿਨ੍ਹਾਂ ‘ਚੋਂ ਇਕ ਨੂੰ ਪੁਲੀਸ ਨੇ ਕਾਬੂ ਕਰ ਲਿਆ ਹੈ, ਜਦੋਂ ਕਿ ਦੂਸਰਾ ਹਾਲੇ ਫ਼ਰਾਰ ਹੈ। ਸੀ.ਆਈ.ਏ. ਮਾਨਸਾ ਦੇ ਬਰਖਾਸਤ ਇੰਚਾਰਜ ਪ੍ਰਿਤਪਾਲ ਸਿੰਘ ਦਾ ਮਾਨਸਾ ਦੀ ਇਕ ਅਦਾਲਤ ਵੱਲੋਂ ਮੁੜ ਪੰਜ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਗਿਆ। ਇਸ ਤੋਂ ਪਹਿਲਾਂ ਪ੍ਰਿਤਪਾਲ ਸਿੰਘ ਨੂੰ ਤਿੰਨ ਅਕਤੂਬਰ ਨੂੰ ਮਾਨਸਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਇਸ ਰਿਮਾਂਡ ਦੌਰਾਨ ਉਸ ਤੋਂ ‘ਸਿਟ’ ਦੇ ਚੇਅਰਮੈਨ ਤੇ ਆਈ.ਜੀ. ਪਟਿਆਲਾ ਰੇਂਜ ਐੱਮ.ਐੱਸ. ਛੀਨਾ ਤੇ ਐਂਟੀ ਗੈਗਸਟਰ ਟਾਸਕ ਫੋਰਸ ਦੇ ਏ.ਆਈ.ਜੀ. ਓਪਿੰਦਰਜੀਤ ਸਿੰਘ ਘੁੰਮਣ ਵੱਲੋਂ ਪੁੱਛ-ਪੜਤਾਲ ਦੌਰਾਨ ਕਈ ਖੁਲਾਸੇ ਹੋਏ। ਪੁਲੀਸ ਨੇ ਕਿਹਾ ਕਿ ਉਨ੍ਹਾਂ ਪ੍ਰਿਤਪਾਲ ਸਿੰਘ ਤੋਂ ਕਈ ਹੋਰ ਮਾਮਲਿਆਂ ਬਾਰੇ ਪੁੱਛਗਿੱਛ ਕਰਨੀ ਹੈ ਅਤੇ ਕੱਲ੍ਹ ਤੱਕ ਉਸ ਦੇ ਬੈਂਕ ਖਾਤਿਆਂ ਅਤੇ ਮੋਬਾਈਲ ਫੋਨਾਂ ਦੀ ਸਾਰੀ ਫੋਰੈਂਸਿਕ ਜਾਣਕਾਰੀ ਵੀ ਮਿਲਣੀ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦੀਪਕ ਟੀਨੂ ਦੇ ਫਰਾਰ ਹੋਣ ਦੀ ਯੋਜਨਾ ਵੀ ਜੇਲ੍ਹ ‘ਚ ਬਣੀ ਹੈ।