ਇੰਡੀਆ ਦੀਆਂ ਤਿੰਨ ਔਰਤਾਂ ਵੀ ਉਸ ਸੂਚੀ ‘ਚ ਸ਼ਾਮਲ ਹਨ ਜੋ ਫੋਰਬਸ ਦੇ ਨਵੰਬਰ ਅੰਕ ‘ਚ 20 ਏਸ਼ੀਅਨ ਉੱਦਮੀਆਂ ਦੀ ਛਪੀ ਹੈ। ਸੂਚੀ ‘ਚ ਉਹ ਔਰਤਾਂ ਸ਼ਾਮਲ ਹਨ ਜਿਨ੍ਹਾਂ ਨੇ ਕੋਵਿਡ-19 ਮਹਾਮਾਰੀ ਦੁਆਰਾ ਪੈਦਾ ਹੋਈ ਅਨਿਸ਼ਚਿਤਤਾ ਦੇ ਵਿਚਕਾਰ ਆਪਣੇ ਕਾਰੋਬਾਰਾਂ ਨੂੰ ਵਧਾਉਣ ‘ਚ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸੂਚੀ ‘ਚ ਸਟੀਲ ਅਥਾਰਟੀ ਆਫ਼ ਇੰਡੀਆ ਲਿਮਟਿਡ ਦੀ ਚੇਅਰਪਰਸਨ ਸੋਮਾ ਮੰਡਲ, ਐਮਕਿਊਰ ਫਾਰਮਾ ਦੀ ਕਾਰਜਕਾਰੀ ਨਿਰਦੇਸ਼ਕ ਨਮਿਤਾ ਥਾਪਰ ਅਤੇ ਹੋਨਾਸਾ ਕੰਜ਼ਿਊਮਰ ਦੇ ਸਹਿ-ਸੰਸਥਾਪਕ ਅਤੇ ਮੁੱਖ ਨਵੀਨਤਾ ਅਧਿਕਾਰੀ ਗਜ਼ਲ ਅਲਘ ਦੇ ਨਾਮ ਸ਼ਾਮਲ ਹਨ। ਫੋਰਬਸ ਨੇ ਮੰਗਲਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਸੂਚੀ ‘ਚ ਸ਼ਾਮਲ ਕੁਝ ਔਰਤਾਂ ਸ਼ਿਪਿੰਗ, ਰੀਅਲ ਅਸਟੇਟ ਅਤੇ ਨਿਰਮਾਣ ਵਰਗੇ ਖੇਤਰਾਂ ‘ਚ ਕੰਮ ਕਰ ਰਹੀਆਂ ਹਨ ਜਦੋਂ ਕਿ ਹੋਰ ਤਕਨਾਲੋਜੀ, ਦਵਾਈ ਅਤੇ ਵਸਤੂਆਂ ਵਰਗੇ ਖੇਤਰਾਂ ‘ਚ ਨਵੀਨਤਾ ਕਰ ਰਹੀਆਂ ਹਨ। ਸੂਚੀ ‘ਚ ਹੋਰ ਔਰਤਾਂ ਆਸਟਰੇਲੀਆ, ਚੀਨ, ਦੱਖਣੀ ਕੋਰੀਆ, ਇੰਡੋਨੇਸ਼ੀਆ, ਜਾਪਾਨ, ਸਿੰਗਾਪੁਰ, ਦੱਖਣੀ ਕੋਰੀਆ, ਤਾਈਵਾਨ ਅਤੇ ਥਾਈਲੈਂਡ ਦੀਆਂ ਹਨ। ਸੋਮਾ ਮੰਡਲ ਨੇ 1 ਜਨਵਰੀ 2021 ਨੂੰ ਸੇਲ ਦੀ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ। ਸੇਲ ਦੇ ਚੇਅਰਮੈਨ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਦੇਸ਼ ਦੀ ਸਭ ਤੋਂ ਵੱਡੀ ਸਟੀਲ ਕੰਪਨੀ ਸੇਲ ਦੀ ਡਾਇਰੈਕਟਰ (ਵਪਾਰਕ) ਸੀ। ਮੰਡਲ ਨੇ 1984 ‘ਚ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਰੌਰਕੇਲਾ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ‘ਚ ਗ੍ਰੈਜੂਏਸ਼ਨ ਕੀਤੀ। ਉਸਨੇ ਆਪਣਾ ਕੈਰੀਅਰ ਇਕ ਗ੍ਰੈਜੂਏਟ ਇੰਜੀਨੀਅਰ ਟਰੇਨੀ ਵਜੋਂ ਸ਼ੁਰੂ ਕੀਤਾ ਅਤੇ ਨਾਲਕੋ ‘ਚ ਡਾਇਰੈਕਟਰ (ਵਪਾਰਕ) ਬਣ ਗਈ। ਮੰਡਲ ਨੇ ਅਨਿਲ ਕੁਮਾਰ ਚੌਧਰੀ ਦੀ ਥਾਂ ਲਈ ਹੈ ਜੋ 36 ਸਾਲਾਂ ਤੱਕ ਵੱਖ-ਵੱਖ ਭੂਮਿਕਾਵਾਂ ‘ਚ ਕੰਪਨੀ ਦੀ ਸੇਵਾ ਕਰਨ ਤੋਂ ਬਾਅਦ ਵੀਰਵਾਰ ਨੂੰ ਸੇਵਾਮੁਕਤ ਹੋਏ। ਨਮਿਤਾ ਥਾਪਰ ਫਾਰਮਾ ਕੰਪਨੀ ਐਮਕਿਊਰ ਫਾਰਮਾਸਿਊਟੀਕਲ ਦੀ ਸੀ.ਈ.ਓ. ਹੈ। ਇਸ ਦੇ ਨਾਲ ਉਹ ਇਨਕ੍ਰੇਡੀਬਲ ਵੈਂਚਰਸ ਦੀ ਸੰਸਥਾਪਕ ਅਤੇ ਸੀ.ਈ.ਓ. ਵੀ ਹੈ। ਥਾਪਰ ਦਾ ਜਨਮ ਮਹਾਰਾਸ਼ਟਰ ‘ਚ ਹੋਇਆ ਸੀ। ਉਸਨੇ ਆਪਣੀ ਗ੍ਰੈਜੂਏਸ਼ਨ ਪੁਣੇ ਤੋਂ ਪੂਰੀ ਕੀਤੀ। ਉਹ ਆਈ.ਸੀ.ਏ.ਆਈ. ਤੋਂ ਚਾਰਟਰਡ ਅਕਾਊਂਟੈਂਸੀ ਦੀ ਡਿਗਰੀ ਕਰਨ ਤੋਂ ਬਾਅਦ ਅਮਰੀਕਾ ਚਲੀ ਗਈ। ਉਥੇ ਕਾਰੋਬਾਰੀ ਤਜਰਬਾ ਲੈ ਕੇ ਉਹ ਇੰਡੀਆ ਪਰਤ ਆਈ। ਇਸ ਦੇ ਨਾਲ ਹੀ ਗ਼ਜ਼ਲ ਅਲਗ ਦਾ ਜਨਮ ਹਰਿਆਣਾ ਦੇ ਗੁਰੂਗ੍ਰਾਮ ‘ਚ ਹੋਇਆ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਗ਼ਜ਼ਲ ਨੇ ਸਾਲ 2016 ‘ਚ ਆਪਣੇ ਪਤੀ ਵਰੁਣ ਦੇ ਨਾਲ ਮਿਲ ਕੇ ਹੋਨਾਸਾ ਕੰਜ਼ਿਊਮਰ ਲਿਮਟਿਡ ਦੀ ਸਹਿ-ਸਥਾਪਨਾ ਕੀਤੀ ਸੀ।