ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਭਾਈ ਵਸਨੀਕ 20 ਸਾਲਾ ਹਰਮਨ ਸਿੰਘ ਨੂੰ ਅਗਵਾ ਕਰ ਕੇ 30 ਲੱਖ ਰੁਪਏ ਦੀ ਫਿਰੌਤੀ ਮੰਗਣ ਅਤੇ ਉਸ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਇਸ ਸਬੰਧੀ 9 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ‘ਚੋਂ ਪੰਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ ਚਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ ਜਿਨ੍ਹਾਂ ਵਿੱਚੋਂ ਇੱਕ ਮੁਲਜ਼ਮ ਡੁਬਈ ਚਲਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮਲਕੀਤ ਸਿੰਘ ਵਾਸੀ ਅਲੀਕੇ ਝੁੱਗੀਆਂ, ਰਮਨਦੀਪ ਕੌਰ ਵਾਸੀ ਦੁੱਪਾਪੁਰ ਕੇਰੀ (ਰਾਜਸਥਾਨ), ਮਨਦੀਪ ਸਿੰਘ ਵਾਸੀ ਚੱਕ ਰਾਮ ਸਿੰਘ ਵਾਲਾ, ਗੁਰਸੇਵਕ ਸਿੰਘ ਵਾਸੀ ਸ਼ਾਮ ਖੇੜਾ ਤੇ ਜਗਮੀਤ ਸਿੰਘ ਵਾਸੀ ਮਲਕਾਣਾ ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਫਰਾਰ ਮੁਲਜ਼ਮਾਂ ਦੀ ਪਛਾਣ ਮਨਦੀਪ ਸਿੰਘ, ਜਗਮੀਤ ਸਿੰਘ, ਲਾਲੂ ਤੇ ਨਵਜੋਤ ਸਿੰਘ ਵਜੋਂ ਕੀਤੀ ਗਈ ਹੈ। ਫ਼ਰੀਦਕੋਟ ਰੇਂਜ ਦੇ ਆਈ.ਜੀ.ਪੀ. ਪ੍ਰਦੀਪ ਕੁਮਾਰ ਯਾਦਵ ਨੇ ਦੱਸਿਆ ਕਿ ਨਵਜੋਤ ਸਿੰਘ 25 ਨਵੰਬਰ ਨੂੰ ਹਰਮਨ ਸਿੰਘ ਨੂੰ ਵਰਗਲਾ ਕੇ ਪਿੰਡ ਸ਼ਾਮ ਖੇੜਾ ਸਥਿਤ ਗੁਰਸੇਵਕ ਸਿੰਘ ਦੇ ਘਰ ਲੈ ਗਿਆ ਜਿਥੇ ਪਹਿਲਾਂ ਹੀ ਉਸ ਦੇ ਸਾਥੀ ਮੌਜੂਦ ਸਨ। ਉਨ੍ਹਾਂ ਨੇ ਰਲ ਕੇ ਹਰਮਨ ਦਾ ਕਤਲ ਕਰ ਦਿੱਤਾ ਤੇ ਲਾਸ਼ ਗੁਰਸੇਵਕ ਸਿੰਘ ਦੇ ਖੇਤ ‘ਚ ਦੱਬ ਦਿੱਤੀ। ਇਸ ਮਗਰੋਂ ਮੁਲਜ਼ਮਾਂ ਨੇ ਹਰਮਨ ਦੇ ਪਰਿਵਾਰ ਕੋਲੋਂ ਫਿਰੌਤੀ ਮੰਗਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ 3 ਦਸੰਬਰ ਨੂੰ ਡੁਬਈ ਚਲਾ ਗਿਆ ਸੀ ਤੇ ਉਥੋਂ ਹੀ ਉਹ ਫਿਰੌਤੀ ਸਬੰਧੀ ਵਟਸਐਪ ਰਾਹੀਂ ਕਾਲ ਕਰਦਾ ਰਿਹਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਪੁਲੀਸ ਨੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ‘ਚ ਪਿੰਡ ਸ਼ਾਮ ਖੇੜਾ ਸਥਿਤ ਗੁਰਸੇਵਕ ਸਿੰਘ ਦੇ ਖੇਤ ਵਿੱਚੋਂ ਹਰਮਨ ਸਿੰਘ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ ਫਿਰੌਤੀ ਮੰਗਣ ਲਈ ਲਿਖੀਆਂ ਚਿੱਠੀਆਂ ਇਕ ਮੁਲਜ਼ਮ ਦੀ ਨਾਬਾਲਗ ਲੜਕੀ ਕੋਲੋਂ ਲਿਖਵਾਈਆਂ ਗਈਆਂ ਸਨ। ਮੁਲਜ਼ਮਾਂ ਨੇ ਮੰਨਿਆ ਕਿ ਹਰਮਨ ਸਿੰਘ ਵੱਲੋਂ ਉਨ੍ਹਾਂ ਨੂੰ ਪਛਾਣ ਲਏ ਜਾਣ ਦੇ ਡਰੋਂ ਉਨ੍ਹਾਂ ਹਰਮਨ ਦਾ ਕਤਲ ਕੀਤਾ ਹੈ। ਇਸ ਦੌਰਾਨ ਮਲਕੀਤ ਸਿੰਘ ਨੇ ਪੁੱਛ-ਪੜਤਾਲ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨਿਰਮਲ ਸਿੰਘ ਵਾਸੀ ਗੂੜ੍ਹੀ ਸੰਘਰ ਦਾ ਕਤਲ ਕੀਤਾ ਸੀ, ਜਿਸ ਸਬੰਧੀ 20 ਮਾਰਚ ਨੂੰ ਥਾਣਾ ਕੋਟਭਾਈ ‘ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।