ਫੀਫਾ ਵਰਲਡ ਕੱਪ ਦੇ ਖੇਡੇ ਗਏ ਇਕ ਮੈਚ ‘ਚ ਬ੍ਰਾਜ਼ੀਲ ਨੇ ਸਰਬੀਆ ਨੂੰ 2-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਉਸ ਦਾ ਸਟਾਰ ਸਟ੍ਰਾਈਕਰ ਨੇਮਾਰ ਮੈਚ ‘ਚ ਜ਼ਖਮੀ ਹੋ ਗਿਆ। ਬ੍ਰਾਜ਼ੀਲ ਲਈ ਦੋਵੇਂ ਗੋਲ ਰਿਚਰਲਿਸਨ ਨੇ ਕੀਤੇ। ਬ੍ਰਾਜ਼ੀਲ ਟੀਮ ਦੇ ਡਾਕਟਰ ਰੋਡਰਿਗੋ ਲੈਜ਼ਮਰ ਨੇ ਕਿਹਾ ਕਿ ਨੇਮਾਰ ਦੇ ਸੱਜੇ ਪੈਰ ‘ਚ ਮੋਚ ਆ ਗਈ ਸੀ। ਹਾਲਾਂਕਿ ਉਸ ਨੇ ਇਹ ਨਹੀਂ ਦੱਸਿਆ ਕਿ ਉਹ ਸੋਮਵਾਰ ਨੂੰ ਸਵਿਟਜ਼ਰਲੈਂਡ ਖ਼ਿਲਾਫ਼ ਅਗਲਾ ਮੈਚ ‘ਚ ਖੇਡੇਗਾ ਜਾਂ ਨਹੀਂ। ਨੇਮਾਰ 2014 ਵਰਲਡ ਕੱਪ ‘ਚ ਵੀ ਜ਼ਖਮੀ ਹੋ ਗਿਆ ਸੀ। ਬ੍ਰਾਜ਼ੀਲ ‘ਚ ਖੇਡੇ ਗਏ ਇਸ ਵਰਲਡ ਕੱਪ ‘ਚ ਕੋਲੰਬੀਆ ਖ਼ਿਲਾਫ਼ ਕੁਆਰਟਰ ਫਾਈਨਲ ‘ਚ ਪਿੱਠ ਦਰਦ ਕਾਰਨ ਉਹ ਟੂਰਨਾਮੈਂਟ ‘ਚੋਂ ਬਾਹਰ ਹੋ ਗਿਆ ਸੀ। ਫਿਰ ਸੈਮੀਫਾਈਨਲ ‘ਚ ਜਰਮਨੀ ਨੇ ਬ੍ਰਾਜ਼ੀਲ ਨੂੰ 7-1 ਨਾਲ ਹਰਾਇਆ ਸੀ। ਨੇਮਾਰ ਨੇ ਸਰਬੀਆ ਖ਼ਿਲਾਫ਼ ਮੈਚ ਵਿੱਚ ਨੌਂ ਵਾਰ ਫਾਊਲ ਕੀਤਾ, ਜੋ ਇਸ ਸਾਲ ਦੇ ਵਰਲਡ ਕੱਪ ‘ਚ ਕਿਸੇ ਵੀ ਹੋਰ ਖਿਡਾਰੀ ਨਾਲੋਂ ਚਾਰ ਜ਼ਿਆਦਾ ਹਨ। ਨੇਮਾਰ ‘ਤੇ ਧਿਆਨ ਰਹਿਣ ਕਾਰਨ ਸਰਬੀਆ ਦਾ ਡਿਫੈਂਸ ਰਿਚਰਲਿਸਨ ਨੂੰ ਨਹੀਂ ਰੋਕ ਸਕਿਆ। ਆਪਣਾ ਪਹਿਲਾ ਵਰਲਡ ਕੱਪ ਖੇਡ ਰਹੇ ਰਿਸ਼ਰਲਿਸਨ ਨੇ ਕਿਹਾ, ‘ਮੇਰਾ ਬਚਪਨ ਦਾ ਸੁਫ਼ਨਾ ਪੂਰਾ ਹੋ ਗਿਆ ਹੈ। ਮੈਂ ਇੰਗਲੈਂਡ ‘ਚ ਅਜਿਹੀਆਂ ਰੱਖਿਆਤਮਕ ਟੀਮਾਂ ਖ਼ਿਲਾਫ਼ ਖੇਡਣ ਦਾ ਆਦੀ ਹਾਂ। ਮੈਂ ਮੌਕਿਆਂ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ ਅਤੇ ਮੈਂ ਅਜਿਹਾ ਕੀਤਾ ਵੀ।’ ਮੈਚ ‘ਚ ਸਰਬੀਆ ਦੇ ਵੀ ਕੁਝ ਖਿਡਾਰੀ ਜ਼ਖ਼ਮੀ ਹੋਏ ਹਨ।