ਕਤਰ ‘ਚ ਹੋ ਰਹੇ ਫੀਫਾ ਵਰਲਡ ਕੱਪ ‘ਚ ਵੱਡਾ ਉਲਟਫੇਰ ਦੇਖਣ ਨੂੰ ਮਿਲਿਆ ਜਦੋਂ ਸਾਊਦੀ ਅਰਬ ਨੇ ਗਰੁੱਪ ਸਟੇਜ ਦੇ ਮੁਕਾਬਲੇ ‘ਚ ਲਿਓਨਲ ਮੈਸੀ ਦੇ ਅਰਜਨਟੀਨਾ ਨੂੰ 2-1 ਨਾਲ ਹਰਾ ਦਿੱਤਾ। ਅਰਜਨਟੀਨਾ ਫੀਫਾ ਵਰਲਡ ਕੱਪ ਜਿੱਤਣ ਵਾਲੇ ਸੰਭਾਵੀ ਦਾਅਵੇਦਾਰਾਂ ‘ਚੋਂ ਇਕ ਹੈ। ਸਾਊਦੀ ਅਰਬ ਨੇ ਇਸ ਜਿੱਤ ਨਾਲ ਅਰਜਨਟੀਨਾ ਦੇ ਪਿਛਲੇ 36 ਮੈਚਾਂ ਤੋਂ ਅਜਿਤ ਰਹਿਣ ਦੀ ਮੁਹਿੰਮ ਨੂੰ ਵੀ ਠੱਲ੍ਹ ਦਿੱਤਾ। ਸਾਊਦੀ ਅਰਬ ਲਈ ਸਾਲੇਹ ਅਲਸ਼ਹਿਰੀ (48ਵੇਂ ਮਿੰਟ) ਤੇ ਸਾਲੇਮ ਅਲਦੌਸਰੀ (53ਵੇਂ ਮਿੰਟ) ਨੇ ਦੂਜੇ ਅੱਧ ‘ਚ ਪੰਜ ਮਿੰਟਾਂ ਦੇ ਵਕਫ਼ੇ ‘ਚ ਦੋ ਗੋਲ ਕੀਤੇ, ਜੋ ਫੈਸਲਾਕੁਨ ਸਾਬਤ ਹੋਏ। ਸਾਊਦੀ ਟੀਮ ਨੇ ਇਸ ਤੋਂ ਪਹਿਲਾਂ 1994 ਦੇ ਵਰਲਡ ਕੱਪ ‘ਚ ਬੈਲਜੀਅਮ ਖਿਲਾਫ਼ 1-0 ਨਾਲ ਜਿੱਤ ਦਰਜ ਕਰਕੇ ਉਲਟਫੇਰ ਕੀਤਾ ਸੀ। ਸਾਊਥ ਅਮਰੀਕਨ ਚੈਂਪੀਅਨ ਅਰਜਨਟੀਨਾ ਲਈ ਮੈਸੀ ਨੇ ਪਹਿਲੇ ਅੱਧ ਦੇ 10ਵੇਂ ਮਿੰਟ ‘ਚ ਮਿਲੀ ਪੈਨਲਟੀ ਕਿੱਕ ਨੂੰ ਗੋਲ ‘ਚ ਤਬਦੀਲ ਕਰਕੇ ਟੀਮ ਦਾ ਖਾਤਾ ਖੋਲ੍ਹਿਆ ਸੀ। ਪਹਿਲੇ ਅੱਧ ‘ਚ ਅਰਜਨਟੀਨਾ ਦੀ ਟੀਮ ਨੇ ਤਿੰਨ ਹੋਰ ਗੋਲ ਕੀਤੇ, ਜਿਸ ਨੂੰ ਰੈਫ਼ਰੀ ਨੇ ਆਫਸਾਈਡ ਕਰਾਰ ਦੇ ਕੇ ਰੱਦ ਕਰ ਦਿੱਤਾ। ਟੀਮ ਪਹਿਲੇ ਅੱਧ ‘ਚ 1-0 ਨਾਲ ਅੱਗੇ ਸੀ। ਸਾਊਦੀ ਅਰਬ ਨੇ ਦੂਜੇ ਅੱਧ ‘ਚ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕੀਤਾ। ਸਾਲੇਹ ਅਲਸ਼ਹਿਰੀ ਤੇ ਸਾਲੇਮ ਅਲਦੌਸਰੀ ਨੇ ਪੰਜ ਮਿੰਟਾਂ ਦੇ ਵਕਫ਼ੇ ‘ਚ ਉਪਰੋਥਲੀ ਗੋਲ ਕਰਕੇ ਸਾਊਦੀ ਅਰਬ ਨੂੰ 2-1 ਦੀ ਲੀਡ ਦਿਵਾ ਦਿੱਤੀ, ਜੋ ਅੰਤ ਤੱਕ ਕਾਇਮ ਰਹੀ। ਗੋਲਕੀਪਰ ਮੁਹੰਮਦ ਐਲੋਇਸ ਨੇ ਮੈਚ ਦੇ ਆਖਰੀ ਪਲਾਂ ‘ਚ ਦੋ ਗੋਲ ਬਚਾਏ ਤੇ ਆਪਣੀ ਟੀਮ ਦੀ ਜਿੱਤ ਪੱਕੀ ਕਰ ਦਿੱਤੀ। ਸਾਊਦੀ ਅਰਬ ਦੇ ਕੋਚ ਹਾਰਵੇ ਰੇਨਾਰਡ ਨੇ ਕਿਹਾ, ‘ਅਸੀਂ ਸਾਊਦੀ ਫੁਟਬਾਲ ਲਈ ਇਤਿਹਾਸ ਸਿਰਜ ਦਿੱਤਾ ਹੈ।’ ਆਪਣਾ ਪੰਜਵਾਂ ਤੇ ਸੰਭਾਵੀ ਤੌਰ ‘ਤੇ ਅਰਜਨਟੀਨਾ ਲਈ ਆਪਣਾ ਆਖਰੀ ਵਿਸ਼ਵ ਕੱਪ ਖੇਡ ਰਹੇ 35 ਸਾਲਾ ਮੈਸੀ ਨੇ ਮੈਚ ਉਪਰੰਤ ਸਾਊਦੀ ਦੇ ਕੋਚਿੰਗ ਸਟਾਫ਼ ਮੈਂਬਰਾਂ ਨਾਲ ਹੱਥ ਮਿਲਾਏ। ਅਰਜਨਟੀਨਾ ਦੇ ਸਟਰਾਈਕਰ ਲਾਓਤਰੋ ਮਾਰਟੀਨੇਜ਼ ਨੇ ਕਿਹਾ, ‘ਅਸੀਂ ਦੂਜੇ ਅੱਧ ‘ਚ ਚੰਗਾ ਨਹੀਂ ਖੇਡੇ। ਛੋਟੀਆਂ ਛੋਟੀਆਂ ਗ਼ਲਤੀਆਂ ਨਾਲ ਵੱਡਾ ਫ਼ਰਕ ਪੈਂਦਾ ਹੈ। ਸਾਨੂੰ ਇਨ੍ਹਾਂ ਗਲਤੀਆਂ ਨੂੰ ਦੂਰ ਕਰਨਾ ਹੋਵੇਗਾ।’ ਉਧਰ ਅਰਜਨਟੀਨਾ ਦੇ ਕੋਚ ਲਿਓਨਲ ਸਕਾਲੋਨੀ ਨੇ ਕਿਹਾ, ‘ਮੈਚ ਤੋਂ ਪਹਿਲਾਂ ਅਸੀਂ ਪਸੰਦੀਦਾ ਟੀਮ ਸੀ, ਪਰ ਵਿਸ਼ਵ ਕੱਪ ‘ਚ ਕੁਝ ਵੀ ਹੋ ਸਕਦਾ ਹੈ।’ ਅਰਜਨਟੀਨਾ ਗਰੁੱਪ ਸੀ ਦਾ ਆਪਣਾ ਦੂਜਾ ਮੁਕਾਬਲਾ ਸ਼ਨਿੱਚਰਵਾਰ ਨੂੰ ਮੈਕਸਿਕੋ ਨਾਲ ਖੇਡੇਗਾ।