ਫੀਫਾ ਵਰਲਡ ਕੱਪ ਦੇ ਫਾਈਨਲ ਮੈਚ ‘ਚ ਅਰਜਨਟੀਨਾ ਨੇ ਫਰਾਂਸ ਨੂੰ ਪੈਨਲਟੀ ਸ਼ੂਟਆਊਟ ‘ਚ 4-2 ਨਾਲ ਹਰਾ ਕੇ ਟਰਾਫੀ ਉਤੇ ਕਬਜ਼ਾ ਕਰ ਲਿਆ। ਫੀਫਾ ਵਰਲਡ ਕੱਪ ਦੀ ਜੇਤੂ ਟੀਮ ਨੂੰ 42 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ ਤੇ ਹਾਰਨ ਵਾਲੀ ਟੀਮ ਨੂੰ 30 ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾਵੇਗਾ। ਅਰਜਨਟੀਨਾ ਨੇ 36 ਸਾਲ ਬਾਅਦ ਤੀਜੀ ਵਾਰ ਵਰਲਡ ਕੱਪ ਖ਼ਿਤਾਬ ਉਤੇ ਕਬਜ਼ਾ ਕੀਤਾ ਹੈ। ਇਸ ਤੋਂ ਪਹਿਲਾਂ 1978 ਤੇ 1986 ‘ਚ ਟੀਮ ਨੇ ਵਰਲਡ ਕੱਪ ਜਿੱਤਿਆ ਸੀ। ਦੋ-ਦੋ ਗੋਲਾਂ ਨਾਲ ਮੁਕਾਬਲਾ ਬਰਾਬਰ ਰਹਿਣ ਉਤੇ ਕਈ ਵਾਰ ਵਾਧੂ ਸਮਾਂ ਦਿੱਤਾ ਗਿਆ। ਇਸੇ ਦੌਰਾਨ ਅਰਜਨਟੀਨਾ ਵੱਲੋਂ ਲਿਓਨਲ ਮੈਸੀ ਨੇ ਗੋਲ ਕਰ ਕੇ ਆਪਣੀ ਟੀਮ ਨੂੰ 3-2 ਨਾਲ ਅੱਗੇ ਕਰ ਦਿੱਤਾ। ਹਾਲਾਂਕਿ ਕਾਇਲੀਅਨ ਐਮਬਾਪੇ ਨੇ ਮੈਚ ਦਾ ਆਪਣਾ ਤੀਜਾ ਗੋਲ ਕਰਦਿਆਂ ਫਰਾਂਸ ਨੂੰ ਬਰਾਬਰੀ ਉਤੇ ਲਿਆ ਖੜ੍ਹਾ ਕੀਤਾ। ਮੁਕਾਬਲਾ ਤਿੰਨ-ਤਿੰਨ ਨਾਲ ਬਰਾਬਰ ਹੋਣ ਅਤੇ ਵਾਧੂ ਸਮਾਂ ਦੇਣ ਤੋਂ ਬਾਅਦ ਪੈਨਲਟੀ ਸ਼ੂਟਆਊਟ ਦਾ ਫੈਸਲਾ ਲਿਆ ਗਿਆ ਜਿਸ ‘ਚ ਫਰਾਂਸ ਦੋ ਗੋਲ ਕਰਨ ਤੋਂ ਖੁੰਝ ਗਿਆ। ਇਸ ਤੋਂ ਪਹਿਲਾਂ ਅਰਜਨਟੀਨਾ ਵੱਲੋਂ ਸਟਾਰ ਫੁਟਬਾਲਰ ਲਿਓਨਲ ਮੈਸੀ ਤੇ ਏਂਜਲ ਡੀ ਮਾਰੀਆ ਨੇ ਪਹਿਲੇ ਅੱਧ ‘ਚ ਹੀ ਇਕ-ਇਕ ਗੋਲ ਕਰ ਕੇ ਆਪਣੀ ਟੀਮ ਨੂੰ ਦੋ ਗੋਲਾਂ ਨਾਲ ਅੱਗੇ ਕਰ ਦਿੱਤਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮੈਸੀ ਨੇ 23ਵੇਂ ਮਿੰਟ ‘ਚ ਪੈਨਲਟੀ ਕਿੱਕ ਰਾਹੀਂ ਟੂਰਨਾਮੈਂਟ ਦਾ ਆਪਣਾ ਛੇਵਾਂ ਗੋਲ ਕੀਤਾ ਤੇ ਅਰਜਨਟੀਨਾ ਨੂੰ 1-0 ਨਾਲ ਅੱਗੇ ਕਰ ਦਿੱਤਾ। ਇਸ ਤਰ੍ਹਾਂ ਉਸ ਨੇ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਪੇਲੇ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਜਦਕਿ ਏਂਜਲ ਡੀ ਮਾਰੀਆ ਨੇ 36ਵੇਂ ਮਿੰਟ ‘ਿਚ ਗੋਲ ਕਰ ਕੇ ਅਰਜਨਟੀਨਾ ਨੂੰ 2-0 ਦੀ ਲੀਡ ਦਿਵਾ ਦਿੱਤੀ। ਪਰ ਫਰਾਂਸ ਦੇ ਸਟਾਰ ਖਿਡਾਰੀ ਕਾਇਲੀਅਨ ਐਮਬਾਪੇ ਨੇ 97 ਸਕਿੰਟਾਂ ਦੇ ਫ਼ਰਕ ਨਾਲ ਦੋ ਗੋਲ ਕਰ ਕੇ ਮੈਚ ਹੀ ਪਲਟ ਦਿੱਤਾ ਤੇ ਆਪਣੀ ਟੀਮ ਨੂੰ ਅਰਜਨਟੀਨਾ ਦੇ ਬਰਾਬਰ ਲਿਆ ਖੜ੍ਹਾ ਕੀਤਾ। ਐਮਬਾਪੇ ਨੇ ਪਹਿਲਾ ਗੋਲ ਪੈਨਲਟੀ ਰਾਹੀਂ 80ਵੇਂ ਮਿੰਟ ‘ਚ ਕੀਤਾ ਜਦਕਿ ਦੂਜਾ ਗੋਲ 81ਵੇਂ ਮਿੰਟ ‘ਚ ਹੀ ਕਰ ਦਿੱਤਾ। ਐਮਬਾਪੇ ਨੇ ਪੈਨਲਟੀ ਸ਼ੂਟਆਊਟ ‘ਚ ਵੀ ਗੋਲ ਕੀਤਾ। ਇਸ ਤਰ੍ਹਾਂ ਐਮਬਾਪੇ ਵਰਲਡ ਕੱਪ ਫਾਈਨਲ ‘ਚ ਹੈਟਟ੍ਰਿਕ ਕਰਨ ਵਾਲਾ ਦੂਜਾ ਖਿਡਾਰੀ ਬਣ ਗਿਆ ਹੈ। ਅਰਜਨਟੀਨਾ ਨੇ ਮੈਚ ਦੀ ਸ਼ੁਰੂਆਤ ‘ਚ ਹੀ ਸਕਾਰਾਤਮਕ ਰੁਖ਼ ਅਪਣਾਇਆ ਤੇ ਲਗਾਤਾਰ ਹੱਲੇ ਬੋਲੇ। ਇਸੇ ਦੌਰਾਨ ਜੂਲੀਅਨ ਅਲਵਾਰੇਜ਼ ਨੂੰ ਵੀ ਚੰਗਾ ਮੌਕਾ ਮਿਲਿਆ ਜਿਸ ਦਾ ਹਾਲਾਂਕਿ ਉਹ ਲਾਹਾ ਨਹੀਂ ਲੈ ਸਕਿਆ। ਮੈਕ ਐਲਿਸਟਰ ਨੇ ਵੀ ਸ਼ੂਟ ਲਾ ਕੇ ਮੌਕਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਬਾਲ ਸਿੱਧੀ ਫਰਾਂਸ ਦੇ ਗੋਲਕੀਪਰ ਹਿਊਗੋ ਲੌਰਿਸ ਦੇ ਹੱਥਾਂ ‘ਚ ਗਈ। ਮੈਚ ਦੇ 14ਵੇਂ ਮਿੰਟ ‘ਚ ਹੀ ਕਾਇਲੀਅਨ ਐਮਬਾਪੇ ਨੇ ਵੀ ਫਰਾਂਸ ਲਈ ਗੋਲ ਦਾ ਮੌਕਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਹੱਥ ਨਿਰਾਸ਼ਾ ਹੀ ਲੱਗੀ। ਕਤਰ ਵਰਲਡ ਕੱਪ ‘ਚ ਇਹ ਛੇਵੀਂ ਵਾਰ ਹੈ ਜਦ ਅਰਜਨਟੀਨਾ ਨੇ 2-0 ਦੀ ਲੀਡ ਬਣਾਈ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਵੀ ਇਸ ਮੌਕੇ ਮੈਦਾਨ ‘ਚ ਹਾਜ਼ਰ ਸਨ ਤੇ ਜੋਸ਼ ਨਾਲ ਆਪਣੀ ਟੀਮ ਦਾ ਹੌਸਲਾ ਵਧਾਇਆ।