ਫੀਫਾ ਵਰਲਡ ਕੱਪ ਦੇ ਇਕ ਮੈਚ ‘ਚ ਇੰਗਲੈਂਡ ਨੇ ਇਰਾਨ ਨੂੰ 6-2 ਨਾਲ ਸ਼ਿਕਸਤ ਦਿੱਤੀ ਜਦਕਿ ਨੀਦਰਲੈਂਡ ਦੀ ਫੁਟਬਾਲ ਟੀਮ ਸੈਨੇਗਲ ਨੂੰ 2-0 ਨਾਲ ਹਰਾ ਕੇ ਜੇਤੂ ਰਹੀ। ਇੰਗਲੈਂਡ ਨੇ ਬੁਕਾਯੋ ਸਾਕਾ ਦੇ ਦੋ ਗੋਲਾਂ ਦੀ ਬਦੌਲਤ ਗਰੁੱਪ ‘ਬੀ’ ਦੇ ਆਪਣੇ ਸ਼ੁਰੂਆਤੀ ਮੈਚ ‘ਚ ਇਰਾਨ ਨੂੰ 6-2 ਗੋਲਾਂ ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ‘ਚ ਸ਼ਾਨਦਾਰ ਆਗਾਜ਼ ਕੀਤਾ ਹੈ। ਸਾਕਾ ਨੇ 43ਵੇਂ ਤੇ 62ਵੇਂ ਮਿੰਟ ‘ਚ ਗੋਲ ਦਾਗ਼ੇ। ਉਸ ਤੋਂ ਇਲਾਵਾ ਜੂਡ ਬੈਲਿੰਘਮ (35ਵੇਂ), ਰਹੀਮ ਸਟਰਲਿੰਗ (46ਵੇਂ), ਮਾਰਕਸ ਰਸ਼ਫੋਰਡ (71ਵੇਂ) ਅਤੇ ਜੈਕ ਗ੍ਰੀਲੀਸ਼ (89ਵੇਂ) ਨੇ ਇਕ ਇਕ ਗੋਲ ਕੀਤਾ। ਉਧਰ ਇਰਾਨ ਲਈ ਦੋਵੇਂ ਗੋਲ ਐੱਮ ਤਾਰੇਮੀ (65ਵੇਂ ਤੇ 90+13ਵੇਂ) ਨੇ ਕੀਤੇ। ਬੈਲਿੰਘਮ ਨੇ 35ਵੇਂ ਮਿੰਟ ‘ਚ ਗੋਲ ਕਰ ਕੇ ਇੰਗਲੈਂਡ ਨੂੰ ਲੀਡ ਦਿਵਾਈ। ਸਾਕਾ ਨੇ ਅੱਠ ਮਿੰਟ ਬਾਅਦ ਗੋਲ ਦਾਗ਼ ਕੇ ਲੀਡ ਦੁੱਗਣੀ ਕਰ ਦਿੱਤੀ। ਸਟਰਲਿੰਗ ਨੇ 46ਵੇਂ ਮਿੰਟ ‘ਚ ਗੋਲ ਕੀਤਾ ਅਤੇ ਸਾਕਾ ਨੇ ਇਰਾਨ ਦੇ ਡਿਫੈਂਸ ਦੀਆਂ ਧੱਜੀਆਂ ਉਡਾਉਂਦਿਆਂ 62ਵੇਂ ਮਿੰਟ ‘ਚ ਗੋਲ ਦਾਗ਼ਿਆ ਅਤੇ ਹਾਫ ਤੋਂ ਪਹਿਲਾਂ ਹੀ ਸਕੋਰ 4-0 ਕਰ ਦਿੱਤਾ। ਹਾਲਾਂਕਿ ਤਾਰੇਮੀ ਨੇ ਦੋ ਗੋਲ ਦਾਗ਼ ਕੇ ਹਾਰ ਦੇ ਫ਼ਰਕ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ, ਪਰ ਰਸ਼ਫੋਰਡ ਅਤੇ ਗ੍ਰੀਲੀਸ਼ ਨੇ ਦੋ ਹੋਰ ਗੋਲ ਦਾਗ਼ ਦਿੱਤੇ। ਇੰਗਲੈਂਡ ਆਪਣਾ ਅਗਲਾ ਮੈਚ 26 ਨਵੰਬਰ ਨੂੰ ਅਮਰੀਕਾ ਨਾਲ ਖੇਡੇਗਾ। ਦੂਜੇ ਪਾਸੇ ਨੀਦਰਲੈਂਡਜ਼ ਨੇ ਕੋਡੀ ਗੈਪਕੋ ਅਤੇ ਡੇਵੀ ਕਲਾਸੇਨ ਵੱਲੋਂ ਆਖ਼ਰੀ ਪਲਾਂ ‘ਚ ਦਾਗ਼ੇ ਗੋਲਾਂ ਦੀ ਬਦੌਲਤ ਸੈਨੇਗਲ ਨੂੰ ਫੀਫਾ ਵਿਸ਼ਵ ਕੱਪ ਟੂਰਨਾਮੈਂਟਦੇ ਗਰੁੱਪ ‘ਏ’ ਮੈਚ ‘ਚ 2-0 ਨਾਲ ਹਰਾ ਦਿੱਤਾ। ਵਿਸ਼ਵ ਕੱਪ 2018 ਤੋਂ ਖੁੰਝੇ ਨੀਦਰਲੈਂਡ ਨੇ ਕਈ ਚੰਗੇ ਮੌਕੇ ਗੁਆਏ। ਇਕ ਸਮੇਂ ਮੈਚ ਡਰਾਅ ਵੱਲ ਵਧਦਾ ਨਜ਼ਰ ਆ ਰਿਹਾ ਸੀ। ਹਾਲਾਂਕਿ ਆਖ਼ਰੀ ਪਲਾਂ ‘ਚ ਮੈਨ ਆਫ ਦਿ ਮੈਚ ਰਹੇ ਗਾਕਪੋ ਅਤੇ ਕਲਾਸੇਨ ਨੇ ਗੋਲ ਦਾਗ਼ ਕੇ ਨੀਦਰਲੈਂਡ ਦੀ ਝੋਲੀ ਜਿੱਤ ਪਾਈ। ਹੁਣ ਨੀਡਰਲੈਂਡ ਦਾ ਅਗਲਾ ਮੁਕਾਬਲਾ ਇਕੁਆਡੋਰ ਨਾਲ 25 ਨਵੰਬਰ ਨੂੰ ਹੋਵੇਗਾ।