ਆਸਟਰੇਲੀਆ ਨੇ ਗਰੁੱਪ-ਡੀ ਦੇ ਮੈਚ ‘ਚ ਡੈੱਨਮਾਰਕ ਨੂੰ 1-0 ਨਾਲ ਹਰਾ ਕੇ ਆਖਰੀ-16 ‘ਚ ਜਗ੍ਹਾ ਬਣਾ ਲਈ ਹੈ। ਅਲ ਵਾਕਰਾਹ ਦੇ ਅਲ ਜੇਨੋਬ ਸਟੇਡੀਅਮ ‘ਚ ਆਸਟਰੇਲੀਆ ਨੇ ਮੈਥਿਊ ਲੇਕੀ ਦੇ 60ਵੇਂ ਮਿੰਟ ‘ਚ ਕੀਤੇ ਗਏ ਗੋਲ ਦੀ ਮਦਦ ਨਾਲ ਦੁਨੀਆ ਦੀ 10ਵੇਂ ਨੰਬਰ ਦੀ ਟੀਮ ਡੈੱਨਮਾਰਕ ਨੂੰ ਗਰੁੱਪ ਗੇੜ ‘ਚੋਂ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ। ਲੇਕੀ ਦਾ ਗੋਲ ਆਸਟਰੇਲੀਆ ਤੇ ਡੈੱਨਮਾਰਕ ਮੁਕਾਬਲੇ ਵਿਚਾਲੇ ਖਿੱਚ ਦਾ ਕੇਂਦਰ ਰਿਹਾ। ਲੇਕੀ ਨੂੰ ਮੈਦਾਨ ਦੇ ਲਗਭਗ ਵਿਚਾਲੇ ‘ਚ ਪਾਸ ਮਿਲਿਆ ਤੇ ਉਹ ਇਕੱਲਾ ਹੀ ਡੈੱਨਮਾਰਕ ਦੀ ਰੱਖਿਆ ਲਾਈਨ ‘ਚ ਸੰਨ੍ਹ ਲਗਾਉਂਦਾ ਹੋਇਆ ਅੱਗੇ ਵਧਦਾ ਰਿਹਾ। ਉਸ ਨੇ ਵਿਰੋਧੀ ਟੀਮ ਦੇ ਗੋਲਾਂ ਨੇੜੇ ਪਹੁੰਚ ਕੇ ਖੱਬੇ ਪੈਰ ਨਾਲ ਸ਼ਾਟ ਲਗਾਈ ਤੇ ਡੈੱਨਮਾਰਕ ਦੇ ਗੋਲਕੀਪਰ ਕਾਸਪਰ ਸ਼ਮਾਈਕਲ ਖੱਬੇ ਪਾਸੇ ਛਲਾਂਗ ਲਗਾਉਣ ਦੇ ਬਾਵਜੂਦ ਬਾਲ ਨੂੰ ਗੋਲਾਂ ‘ਚ ਜਾਣ ਤੋਂ ਨਹੀਂ ਰੋਕ ਸਕਿਆ। ਆਸਟਰੇਲੀਆ ਦੀ ਵਰਲਡ ਕੱਪ ਦੇ 19 ਮੈਚਾਂ ‘ਚ ਇਹ ਸਿਰਫ ਚੌਥੀ ਜਿੱਤ ਹੈ ਪਰ ਇਸਦੀ ਬਦੌਲਤ ਟੀਮ 2006 ਤੋਂ ਬਾਅਦ ਦੂਜੀ ਵਾਰ ਨਾਕਆਊਟ ਗੇੜ ‘ਚ ਪ੍ਰਵੇਸ਼ ਕਰਨ ‘ਚ ਸਫਲ ਰਹੀ। ਆਸਟਰੇਲੀਆ ਦੇ 3 ਮੈਚਾਂ ‘ਚੋਂ 2 ਜਿੱਤਾਂ ਨਾਲ 6 ਅੰਕ ਰਹੇ ਜਦਕਿ ਡੈੱਨਮਾਰਕ 3 ਮੈਚਾਂ ‘ਚੋਂ 1 ਡਰਾਅ ਤੇ 2 ਹਾਰ ਤੋਂ ਬਾਅਦ 1 ਅੰਕ ਨਾਲ ਨਿਰਾਸ਼ਾਜਨਕ ਪ੍ਰਦਰਸ਼ਨ ਕਰਦੇ ਹੋਏ ਆਖਰੀ ਸਥਾਨ ‘ਤੇ ਰਿਹਾ। ਚਾਰ ਦਸੰਬਰ ਨੂੰ ਹੋਣ ਵਾਲੇ ਪ੍ਰੀ ਕੁਆਰਟਰ ਫਾਈਨਲ ‘ਚ ਹੁਣ ਫਰਾਂਸ ਦਾ ਸਾਹਮਣਾ ਗਰੁੱਪ-ਸੀ ‘ਚ ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨਾਲ ਹੋਵੇਗਾ ਜਦਕਿ ਆਸਟਰੇਲੀਆ ਗਰੁੱਪ-ਸੀ ‘ਚ ਚੋਟੀ ‘ਤੇ ਰਹਿਣ ਵਾਲੀ ਟੀਮ ਨਾਲ ਭਿੜੇਗੀ।
ਓਧਰ ਅਮਰੀਕਾ ਨੇ ਅਲ ਥੁਮਾਮਾ ਸਟੇਡੀਅਮ ‘ਚ ਗਰੁੱਪ ਬੀ ਦੇ ਆਪਣੇ ਆਖ਼ਰੀ ਮੈਚ ‘ਚ ਈਰਾਨ ਨੂੰ 1-0 ਨਾਲ ਹਰਾ ਕੇ ਨਾਕਆਊਟ ਪੜਾਅ ‘ਚ ਆਪਣੀ ਜਗ੍ਹਾ ਪੱਕੀ ਕਰ ਲਈ। ਮੈਚ ਦੀ ਸ਼ੁਰੂਆਤ ਤੋਂ ਹੀ ਅਮਰੀਕਨ ਟੀਮ ਨੇ ਆਪਣੀ ਖੇਡ ਨੂੰ ਰਫਤਾਰ ਦੇਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਸ ਨੂੰ ਵਰਲਡ ਕੱਪ ਦੇ ਨਾਕਆਊਟ ਪੜਾਅ ‘ਤੇ ਜਾਣ ਲਈ ਜਿੱਤ ਦੀ ਲੋੜ ਸੀ। ਕ੍ਰਿਸ਼ਚੀਅਨ ਪੁਲਿਸਿਕ ਅਮਰੀਕਾ ਦੇ ਹੀਰੋ ਵਜੋਂ ਸਾਹਮਣੇ ਆਇਆ ਜਿਸ ਨੇ ਮੈਚ ਦੇ 38ਵੇਂ ਮਿੰਟ ‘ਚ ਗੋਲ ਕਰਕੇ ਟੀਮ ਨੂੰ ਇਰਾਨ ਖ਼ਿਲਾਫ਼ 1-0 ਦੀ ਅਹਿਮ ਬੜ੍ਹਤ ਦਿਵਾਈ। ਪਹਿਲੇ ਹਾਫ ਦੇ ਆਖ਼ਰੀ ਮਿੰਟਾਂ ‘ਚ ਅਮਰੀਕਾ ਕੋਲ ਇੱਕ ਹੋਰ ਮੌਕਾ ਸੀ, ਪਰ ਰੈਫਰੀ ਨੇ ਅਮਰੀਕੀ ਸਟ੍ਰਾਈਕਰ ਟਿਮੋਥੀ ਵੇਹ ਨੂੰ ਆਫਸਾਈਡ ਕਰਾਰ ਦਿੱਤਾ ਜਿਸ ਨਾਲ ਉਹ ਈਰਾਨ ‘ਤੇ ਦੋ ਗੋਲਾਂ ਦੀ ਬੜ੍ਹਤ ਤੋਂ ਖੁੰਝ ਗਏ। ਟੀਮਾਂ ਵਿਚਾਲੇ ਪਹਿਲਾ ਹਾਫ ਰੋਮਾਂਚਕ ਰਿਹਾ ਕਿਉਂਕਿ ਦੋਵਾਂ ਲਈ ਕਾਫੀ ਕੁਝ ਦਾਅ ‘ਤੇ ਸੀ। ਹਾਲਾਂਕਿ ਪਹਿਲੇ ਹਾਫ ‘ਚ ਅਮਰੀਕਾ ਪੂਰੀ ਤਰ੍ਹਾਂ ਹਾਵੀ ਰਿਹਾ ਅਤੇ ਟੀਮ ਨੇ ਪਹਿਲੇ ਹਾਫ ਦੇ ਅੰਤ ਤੱਕ 1-0 ਦੀ ਬੜ੍ਹਤ ਬਣਾਈ ਰੱਖੀ। ਇਸ ਦੇ ਨਾਲ ਹੀ ਦੂਜੇ ਹਾਫ ‘ਚ ਦੋਵੇਂ ਟੀਮਾਂ ਗੋਲ ਨਹੀਂ ਕਰ ਸਕੀਆਂ, ਅਮਰੀਕਾ ਨੇ ਈਰਾਨ ਨੂੰ ਮੈਚ ‘ਚ ਕੋਈ ਮੌਕਾ ਨਹੀਂ ਦਿੱਤਾ। ਪੂਰੇ ਮੈਚ ‘ਚ ਈਰਾਨ ਸਿਰਫ ਇਕ ਸ਼ਾਟ ਹੀ ਟਾਰਗੇਟ ‘ਤੇ ਰੱਖ ਸਕੀ ਪਰ ਉਸ ਨੂੰ ਵੀ ਅਮਰੀਕਾ ਦੇ ਗੋਲਕੀਪਰ ਨੇ ਗੋਲ ‘ਚ ਨਹੀਂ ਬਦਲਣ ਦਿੱਤਾ ਅਤੇ ਅਮਰੀਕਾ ਨੇ ਮੈਚ ਦੇ ਆਖਰੀ ਸੀਟੀ ਨਾਲ ਇਹ ਮੈਚ 1-0 ਨਾਲ ਜਿੱਤ ਲਿਆ। ਇਸ ਮੈਚ ‘ਚ ਜਿੱਤ ਨਾਲ ਅਮਰੀਕਾ 5 ਅੰਕਾਂ ਨਾਲ ਗਰੁੱਪ-ਬੀ ‘ਚੋਂ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਬਣ ਗਈ।
ਫੀਫਾ ਵਰਲਡ ਕੱਪ: ਅਮਰੀਕਾ ਅਤੇ ਆਸਟਰੇਲੀਆ ਨੇ ਆਖਰੀ-16 ‘ਚ ਜਗ੍ਹਾ ਬਣਾਈ
Related Posts
Add A Comment