ਇੰਟਰਨੈਸ਼ਨਲ ਫੈਡਰੇਸ਼ਨ ਆਫ ਐਸੋਸੀਏਸ਼ਨ ਫੁੱਟਬਾਲ (ਫੀਫਾ) ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ‘ਤੇ ਲਗਾਈ ਗਈ ਪਾਬੰਦੀ ਹਟਾ ਦਿੱਤੀ ਹੈ। ਫੀਫਾ ਨੇ ਏ.ਆਈ.ਐੱਫ.ਐੱਫ. ‘ਚ ਤੀਜੇ ਪੱਖ ਦੇ ਦਖਲ ਕਾਰਨ ਪਾਬੰਦੀ ਲਗਾਈ ਸੀ ਪਰ ਏ.ਆਈ.ਐੱਫ.ਐੱਫ. ਦੇ ਪ੍ਰਬੰਧਨ ‘ਚ ਹੋ ਰਹੀਆਂ ਤਬਦੀਲੀਆਂ ਦੇ ਕਾਰਨ ਉਸ ਨੇ ਇਹ ਪਾਬੰਦੀ ਹੁਣ ਹਟਾ ਦਿੱਤੀ। ਹੁਣ ਅਕਤੂਬਰ ‘ਚ ਹੋਣ ਵਾਲੇ ਅੰਡਰ-17 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਇੰਡੀਆ ਦੇ ਅਧਿਕਾਰ ਵੀ ਬਰਕਰਾਰ ਰਹਿਣਗੇ। ਇਸ ਤੋਂ ਪਹਿਲਾਂ ਏ.ਆਈ.ਐੱਫ.ਐੱਫ. ਪਾਬੰਦੀ ਲਾਉਣ ਤੋਂ ਬਾਅਦ ਫੀਫਾ ਨੇ ਬਿਆਨ ਜਾਰੀ ਕਰ ਕਿਹਾ ਸੀ ਕਿ ਤੀਸਰੇ ਪੱਖ ਦੇ ਦਖਲ ਕਾਰਨ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਗਿਆ ਹੈ। ਫੀਫਾ ਨੇ ਇਹ ਵੀ ਕਿਹਾ ਕਿ ਇਹ ਮੁਅੱਤਲੀ ਉਦੋਂ ਹਟਾਈ ਜਾਵੇਗੀ ਜਦ ਉਹ ਇਕੱਠੇ ਕੰਮ ਕਰਨਾ ਸ਼ੁਰੂ ਕਰਨਗੇ। ਭਾਰਤੀ ਫੁੱਟਬਾਲ ‘ਚ ਇਹ ਸਾਰਾ ਵਿਵਾਦ ਏ.ਆਈ.ਐੱਫ.ਐੱਫ. ਦੇ ਪ੍ਰਧਾਨ ਰਹੇ ਪ੍ਰਫੁੱਲ ਪਟੇਲ ਦੇ ਕਾਰਨ ਸ਼ੁਰੂ ਹੋਇਆ। ਪ੍ਰਫੁੱਲ ‘ਤੇ ਬਿਨਾਂ ਚੋਣ ਕਰਵਾਏ ਸਮਾਂ ਪੂਰਾ ਹੋਣ ਤੋਂ ਬਾਅਦ ਵੀ ਪ੍ਰੈਸੀਡੈਂਟ ਦੀ ਕੁਰਸੀ ‘ਤੇ ਬੈਠਣ ਦਾ ਦੋਸ਼ ਲੱਗਿਆ ਸੀ। ਪ੍ਰਫੁੱਲ ਦਾ ਕਾਰਜਕਾਲ ਸਾਲ 2009 ਤੋਂ ਸ਼ੁਰੂ ਹੋਇਆ ਅਤੇ 2020 ‘ਚ ਖਤਮ ਹੋਇਆ। ਇਸ ਦੇ ਬਾਵਜੂਦ ਉਹ ਕੁਰਸੀ ‘ਤੇ ਬੈਠੇ ਰਹੇ। ਜ਼ਿਕਰਯੋਗ ਹੈ ਕਿ ਇਸ ਪੂਰੇ ਮਾਮਲੇ ਦੀ ਸ਼ਿਕਾਇਤ ਸੁਪਰੀਮ ਕੋਰਟ ਤੱਕ ਪਹੁੰਚ ਗਈ ਸੀ। ਕੋਰਟ ਨੇ ਮਈ 2022 ‘ਚ ਪੂਰੇ ਬੋਰਡ ਨੂੰ ਹਟਾ ਦਿੱਤਾ ਅਤੇ ਇਕ ਨਵਾਂ ਸੰਵਿਧਾਨ ਬਣਾਉਣ ਲਈ ਇਕ ਕਮੇਟੀ ਦਾ ਗਠਨ ਕੀਤਾ ਸੀ।