ਉੜੀਸਾ ਦੇ ਭੁਬਨੇਸ਼ਵਰ ਵਿਖੇ ਖੇਡੇ ਜਾ ਰਹੇ ਫੀਫਾ ਅੰਡਰ-17 ਵਰਲਡ ਕੱਪ ਦੀ ਖਿਤਾਬੀ ਦੌੜ ‘ਚੋਂ ਮੇਜ਼ਬਾਨ ਇੰਡੀਆ ਬਾਹਰ ਹੋ ਗਿਆ ਹੈ। ਮੁਰੱਕੋ ਨਾਲ ਖੇਡੇ ਗਏ ਮੈਚ ‘ਚ ਇੰਡੀਆ ਨੇ ਦੂਜੇ ਹਾਫ ‘ਚ ਤਿੰਨ ਗੋਲ ਖਾ ਲਏ ਜਿਸ ਨਾਲ ਉਸ ਨੂੰ ਗਰੁੱਪ-ਏ ਦੇ ਆਪਣੇ ਦੂਜੇ ਮੈਚ ‘ਿਚ ਮੋਰੱਕੋ ਹੱਥੋਂ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਟੀਮ ਖਿਤਾਬੀ ਦੌੜ ‘ਚੋਂ ਬਾਹਰ ਹੋ ਗਈ। ਡੈਬਿਊ ਕਰ ਰਹੀ ਮੋਰੱਕੋ ਲਈ ਐੱਲ. ਮਦਾਨੀ ਨੇ 50ਵੇਂ, ਯਾਸਮਿਨ ਜੌਹਿਰ ਨੇ 61ਵੇਂ ਤੇ ਚੇਰਿਫ ਜੇਨਾਹ ਨੇ 90+1 ਮਿੰਟ ‘ਚ ਗੋਲ ਕੀਤੇ, ਜਿੱਤ ਨਾਲ ਟੀਮ ਨੇ ਟੂਰਨਾਮੈਂਟ ‘ਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਇੰਡੀਆ ਵੀ ਮੇਜ਼ਬਾਨ ਦੇ ਤੌਰ ‘ਤੇ ਖੁਦ ਕੁਆਲੀਫਾਈ ਕਰਕੇ ਡੈਬਿਊ ਕਰ ਰਿਹਾ ਹੈ। ਟੀਮ ਮੰਗਲਵਾਰ ਨੂੰ ਸ਼ੁਰੂਆਤੀ ਮੈਚ ‘ਚ ਅਮਰੀਕਾ ਹੱਥੋਂ 0-8 ਨਾਲ ਹਾਰੀ ਸੀ। ਹੁਣ ਭਾਰਤੀ ਟੀਮ ਦਾ ਸਾਹਮਣਾ 17 ਅਕਤੂਬਰ ਨੂੰ ਆਖਰੀ ਗਰੁੱਪ ਮੈਚ ‘ਚ ਬ੍ਰਾਜ਼ੀਲ ਨਾਲ ਹੋਵੇਗਾ। ਮੋਰੱਕੋ ਹੁਣ ਵੀ ਕੁਆਰਟਰ ਫਾਈਨਲ ਦੀ ਦੌੜ ‘ਚ ਸ਼ਾਮਲ ਹੈ ਕਿਉਂਕਿ ਉਸਦੇ 3 ਅੰਕ ਹਨ। ਖਿਤਾਬ ਦੀ ਦਾਅਵੇਦਾਰ ਬ੍ਰਾਜ਼ੀਲ ਤੇ ਅਮਰੀਕਾ ਦੀਆਂ ਟੀਮਾਂ ਨੇ ਦਿਨ ‘ਚ ਇਥੇ ਗਰੁੱਪ ਦੇ ਇਕ ਹੋਰ ਮੈਚ ‘ਚ 1-1 ਨਾਲ ਡਰਾਅ ਖੇਡਿਆ ਸੀ। ਬ੍ਰਾਜ਼ੀਲ ਤੇ ਅਮਰੀਕਾ ਦੇ ਹੁਣ ਦੋ ਮੈਚਾਂ ਤੋਂ ਬਾਅਦ 4-4 ਅੰਕ ਹੋ ਗਏ ਹਨ। ਮੋਰੱਕੋ ਨੂੰ ਮੰਗਲਵਾਰ ਨੂੰ ਬ੍ਰਾਜ਼ੀਲ ਹੱਥੋਂ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਟੀਮ ਹੁਣ 17 ਅਕਤੂਬਰ ਨੂੰ ਅਮਰੀਕਾ ਵਿਰੁੱਧ ਖੇਡੇਗੀ।