ਫੀਫਾ ਅੰਡਰ-17 ਵਿਮੈਨ ਵਰਲਡ ਕੱਪ ‘ਚ ਖਿਤਾਬੀ ਜਿੱਤ ਦੀ ਮਜ਼ਬੂਤ ਦਾਅਵੇਦਾਰ ਬ੍ਰਾਜ਼ੀਲ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਗਰੁੱਪ-ਏ ‘ਚ ਡੈਬਿਊ ਕਾਰਨ ਵਾਲੀ ਮੋਰੱਕੋ ਨੂੰ 1-0 ਨਾਲ ਹਰਾ ਕੇ ਜਿੱਤ ਨਾਲ ਕੀਤੀ। ਸਟਰਾਈਕਰ ਜੌਹਨਸਨ ਨੇ ਮੈਚ ਦਾ ਇਕਲੌਤਾ ਗੋਲ 5ਵੇਂ ਮਿੰਟ ‘ਚ ਕੀਤਾ ਜਿਸ ਨਾਲ ਦੱਖਣੀ ਅਮਰੀਕੀ ਮਹਾਦੀਪ ਦੀ ਚੈਂਪੀਅਨ ਟੀਮ ਨੇ ਮੈਚ ਤੋਂ ਤਿੰਨ ਅੰਕ ਲੈ ਲਏ। ਟੂਰਨਾਮੈਂਟ ‘ਚ ਹਿੱਸਾ ਲੈ ਰਹੀਆਂ ਤਿੰਨ ਅਫਰੀਕੀ ਟੀਮਾਂ ‘ਚੋਂ ਇਕ ਮੋਰੱਕੋ ਨੂੰ ਮੈਚ ‘ਚ ਸ਼ੁਰੂਆਤੀ ਗੋਲ ਕਰਨ ਦਾ ਮੌਕਾ ਮਿਲਿਆ ਪਰ ਬ੍ਰਾਜ਼ੀਲ ਨੇ ਇਸ ਤੋਂ ਬਾਅਦ ਮੈਚ ‘ਤੇ ਦਬਦਬਾ ਬਣਾ ਲਿਆ। ਬ੍ਰਾਜ਼ੀਲ ਨੇ 65 ਫੀਸਦੀ ਸਮਾਂ ਗੇਂਦ ਨੂੰ ਆਪਣੇ ਕੋਲ ਰੱਖਿਆ। ਬ੍ਰਾਜ਼ੀਲ ਨੇ ਮੋਰੱਕੋ ਦੇ ਗੋਲ ਵੱਲ 17 ਸ਼ਾਟ ਲਗਾਏ ਜਦਕਿ ਅਫਰੀਕੀ ਟੀਮ ਸਿਰਫ 4 ਵਾਰ ਹੀ ਉਸ ਦੇ ਖਿਲਾਫ ਅਜਿਹਾ ਕਰ ਸਕੀ। ਬ੍ਰਾਜ਼ੀਲ ਕੋਲ ਵੱਡੇ ਫਰਕ ਨਾਲ ਜਿੱਤਣ ਦਾ ਮੌਕਾ ਸੀ ਪਰ ਉਸ ਦੇ ਫਾਰਵਰਡ ਨੇ ਗੋਲ ਕਰਨ ਦੇ ਕਈ ਮੌਕੇ ਗੁਆ ਦਿੱਤੇ ਅਤੇ ਨਾਲ ਹੀ ਮੋਰੱਕੋ ਦੇ ਡਿਫੈਂਸ ਨੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ। ਮਡਗਾਓਂ ‘ਚ ਗਰੁੱਪ ਬੀ ‘ਚ ਚਿਲੀ ਨੇ ਨਿਊਜ਼ੀਲੈਂਡ ਨੂੰ 3-1 ਨਾਲ ਹਰਾਇਆ।