ਰੇਲ ਗੱਡੀ ਹੇਠਾਂ ਆਉਣ ਕਾਰਨ ਜ਼ਖਮੀ ਨੌਜਵਾਨ ਨੂੰ ਫੌਰੀ ਫਗਵਾੜਾ ਸਿਵਲ ਹਸਪਤਾਲ ਲਿਜਾਣ ਤੋਂ ਬਾਅਦ ਇਲਾਜ ਦੌਰਾਨ ਉਸ ਦੀ ਮੌਤ ਹੋਣ ਤੋਂ ਬਾਅਦ ਹੰਗਾਮਾ ਹੋ ਗਿਆ। ਮ੍ਰਿਤਕ ਨੌਜਵਾਨ ਦੇ ਗੁੱਸੇ ‘ਚ ਆਏ ਰਿਸ਼ਤੇਦਾਰਾਂ ਨੇ ਡਿਊਟੀ ‘ਤੇ ਤਾਇਨਾਤ ਡਾਕਟਰ ਦੀ ਕੁੱਟਮਾਰ ਕੀਤੀ। ਇਸ ਘਟਨਾ ਦੇ ਵਿਰੋਧ ‘ਚ ਹਸਪਤਾਲ ਦੇ ਡਾਕਟਰਾਂ ਅਤੇ ਸਮੂਹ ਸਟਾਫ਼ ਨੇ ਕੰਮ ਬੰਦ ਕਰਕੇ ਧਰਨਾ ਲਗਾ ਦਿੱਤਾ। ਜਾਣਕਾਰੀ ਮੁਤਾਬਕ ਫਗਵਾੜਾ-ਬੰਗਾ ਰੇਲਵੇ ਲਾਈਨਾਂ ‘ਤੇ 16 ਸਾਲਾ ਅਨੁਜ ਸਿੰਘ ਵਾਸੀ ਟਿੱਬੀ ਸ਼ਿਵਪੁਰੀ ਲਾਗੇ ਡੀ.ਐੱਮ.ਯੂ. ਰੇਲ ਗੱਡੀ ਦੀ ਲਪੇਟ ‘ਚ ਆ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਨੌਜਵਾਨ ਦੇ ਹੈੱਡਫੋਨ ਲੱਗੇ ਹੋਣ ਕਾਰਨ ਇਹ ਹਾਦਸਾ ਵਾਪਰਿਆ। ਅਨੁਜ ਨੂੰ ਗੰਭੀਰ ਹਾਲਤ ‘ਚ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਿਊਟੀ ‘ਤੇ ਮੌਜੂਦ ਡਾ. ਅਸ਼ੀਸ਼ ਜੇਤਲੀ ਨੇ ਉਸ ਦਾ ਇਲਾਜ ਸ਼ੁਰੂ ਕੀਤਾ, ਪਰ ਨੌਜਵਾਨ ਨੂੰ ਬਚਾਇਆ ਨਾ ਜਾ ਸਕਿਆ। ਜਦੋਂ ਨੌਜਵਾਨ ਦੀ ਮੌਤ ਬਾਰੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਤਾਂ ਉਨ੍ਹਾਂ ਡਾ. ਅਸ਼ੀਸ਼ ਦੀ ਕੁੱਟਮਾਰ ਕੀਤੀ। ਇਸ ਮੌਕੇ ਡਾਕਟਰ ਨੂੰ ਛੁਡਾਉਣ ਲਈ ਆਏ ਸਟਾਫ਼ ਨਾਲ ਵੀ ਕੁੱਟਮਾਰ ਕੀਤੀ ਗਈ। ਇਸ ਮਾਮਲੇ ਦੀ ਸੂਚਨਾ ਐੱਸ.ਐੱਮ.ਓ. ਡਾ। ਕਮਲ ਕਿਸ਼ੋਰ ਨੂੰ ਦਿੱਤੀ ਗਈ, ਜਿਸ ਮਗਰੋਂ ਰੋਹ ‘ਚ ਆਏ ਡਾਕਟਰਾਂ ਤੇ ਸਮੂਹ ਸਟਾਫ਼ ਨੇ ਮੈਡੀਕਲ ਸੇਵਾਵਾਂ ਬੰਦ ਕਰ ਦਿੱਤੀਆਂ ਤੇ ਧਰਨਾ ਲਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਡਾਕਟਰ ਨਾਲ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸੂਚਨਾ ਮਿਲਣ ‘ਤੇ ਐੱਸ.ਡੀ.ਐੱਮ. ਫਗਵਾੜਾ ਡਾ. ਅਮਰਦੀਪ ਥਿੰਦ, ਡੀ.ਐੱਸ.ਪੀ. ਜਸਪ੍ਰੀਤ ਸਿੰਘ ਤੇ ਐੱਸ.ਐੱਚ.ਓ. ਸਿਟੀ ਅਮਨਦੀਪ ਨਾਹਰ ਨੇ ਕਾਰਵਾਈ ਕਰਦਿਆਂ ਕੁੱਟਮਾਰ ਕਰਨ ਵਾਲੇ ਕੁਝ ਵਿਅਕਤੀਆਂ ਨੂੰ ਹਿਰਾਸਤ ‘ਚ ਲੈ ਲਿਆ, ਪਰ ਹਸਪਤਾਲ ਦਾ ਅਮਲਾ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ‘ਤੇ ਅੜ ਗਿਆ, ਜਿਸ ਮਗਰੋਂ ਪੁਲੀਸ ਨੇ ਡਾ. ਅਸ਼ੀਸ਼ ਦੇ ਬਿਆਨਾਂ ‘ਤੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਗਰੋਂ ਹਸਪਾਤਲ ਦੇ ਅਮਲੇ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਜੈ ਪ੍ਰਕਾਸ਼ ਸਿੰਘ, ਰੀਤੂ ਦੇਵੀ, ਓਮ ਪ੍ਰਕਾਸ਼, ਰੰਜੂ ਦੇਵੀ ਤੇ ਅਨੂਪ ਸਿੰਘ ਵਜੋਂ ਹੋਈ ਹੈ ਜਦਕਿ ਕੁੱਝ ਹੋਰ ਅਣਪਛਾਤੇ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।