ਕੁਆਲੰਪੁਰ ਵਿਖੇ ਹੋ ਰਹੇ ਮਲੇਸ਼ੀਆ ਮਾਸਟਰਜ਼ ਸੁਪਰ 500 ਦੇ ਕੁਆਰਟਰ ਫਾਈਨਲ ’ਚ ਤਾਈ ਜ਼ੂ ਯਿੰਗ ਤੋਂ ਇਕ ਵਾਰ ਫਿਰ ਹਾਰ ਕੇ ਦੋ ਵਾਰ ਦੀ ਓਲੰਪਿਕ ਤਗਮਾ ਜੇਤੂ ਬੈਡਮਿੰਟਨ ਖਿਡਾਰਨ ਪੀ.ਵੀ. ਸਿੰਧੂ ਟੂਰਨਾਮੈਂਟ ਤੋਂ ਬਾਹਰ ਹੋ ਗਈ ਹੈ। ਚੀਨੀ ਤਾਇਪੇ ਦੀ ਖਿਡਾਰਨ ਤੋਂ ਹਫਤਾ ਪਹਿਲਾਂ ਹਾਰਨ ਮਗਰੋਂ ਅੱਜ ਫਿਰ ਸਿੰਧੂ ਦੁਨੀਆਂ ਦੇ ਦੂਜੇ ਦਰਜੇ ਦੀ ਖਿਡਾਰਨ ਤੋਂ 55 ਮਿੰਟ ਚੱਲੇ ਮੈਚ ’ਚ 13-21, 21-12, 12-21 ਨਾਲ ਹਾਰ ਗਈ। ਇਹ ਸਿੰਧੂ ਦੀ ਟੋਕੀਓ ਓਲੰਪਿਕਸ ’ਚ ਚਾਂਦੀ ਦਾ ਤਗਮਾ ਜੇਤੂ ਖਿਡਾਰਨ ਤੋਂ ਲਗਾਤਾਰ ਸੱਤਵੀਂ ਅਤੇ ਕੁੱਲ 17ਵੀਂ ਹਾਰ ਸੀ। ਆਖਰੀ ਵਾਰ ਸਿੰਧੂ ਉਸ ਤੋਂ 2019 ’ਚ ਵਿਸ਼ਵ ਚੈਂਪੀਅਨਸ਼ਿਪ ’ਚ ਜਿੱਤੀ ਸੀ। ਜ਼ੂ ਯਿੰਗ ਨੇ ਸ਼ੁਰੂ ਤੋਂ ਹੀ ਆਪਣੀ ਖੇਡ ਨਾਲ ਇਰਾਦੇ ਸਾਫ ਕਰ ਦਿੱਤੇ ਅਤੇ ਸਾਰੇ ਮੈਚ ’ਚ ਦਬਦਬਾ ਕਾਇਮ ਰੱਖ ਕੇ ਜਿੱਤ ਹਾਸਲ ਕੀਤੀ।