ਕੈਨੇਡਾ ‘ਚ ਅਲਬਰਟਾ-ਬ੍ਰਿਟਿਸ਼ ਕੋਲੰਬੀਆ ਸਰਹੱਦ ਦੇ ਨਾਲ ਇਕ ਪਹਾੜੀ ਰਿਜ਼ੋਰਟ ਨੇੜੇ ਬਰਫ਼ੀਲੇ ਤੂਫਾਨ ਦੀ ਲਪੇਟ ‘ਚ ਆਉਣ ਕਾਰਨ 3 ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਕੁੱਲ 10 ਲੋਕ ਬਰਫ਼ੀਲੇ ਤੂਫ਼ਾਨ ਦੀ ਲਪੇਟ ‘ਚ ਆਏ ਸਨ ਜਿਨ੍ਹਾਂ ‘ਚ ਇਕ ਗਾਈਡ ਨੂੰ ਛੱਡ ਕੇ ਬਾਕੀ ਸਾਰੇ ਵਿਦੇਸ਼ੀ ਨਾਗਰਿਕ ਸਨ। ਪੁਲੀਸ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੁਝ ਗੰਭੀਰ ਰੂਪ ‘ਚ ਜ਼ਖ਼ਮੀ ਹੋਏ ਸਨ, ਪਰ ਉਨ੍ਹਾਂ ਦੇ ਬਚਣ ਦੀ ਉਮੀਦ ਹੈ। ਪੁਲੀਸ ਨੇ ਕਿਹਾ ਕਿ ਪੀੜਤ ਪਨੋਰਮਾ ਮਾਉਂਟੇਨ ਰਿਜ਼ੋਰਟ ਦੇ ਨੇੜੇ ਹੈਲੀ-ਸਕੀਇੰਗ ਕਰ ਰਹੇ ਸਨ, ਜਦੋਂ ਅਚਾਨਕ ਬਰਫ਼ੀਲਾ ਤੂਫ਼ਾਨ ਆਇਆ। ਜਰਮਨੀ ‘ਚ ਇਕ ਨਗਰਪਾਲਿਕਾ ਦੇ ਮੇਅਰ ਨੇ ਕਿਹਾ ਕਿ ਕੈਨੇਡਾ ‘ਚ ਬਰਫ਼ੀਲੇ ਤੂਫਾਨ ਕਾਰਨ ਉਸਦੇ ਭਾਈਚਾਰੇ ਦੇ 3 ਲੋਕਾਂ ਦੀ ਮੌਤ ਹੋ ਗਈ ਹੈ। ਕੈਨੇਡੀਅਨ ਅਵਲੈਂਚ ਸੈਂਟਰ ਦੇ ਅਨੁਸਾਰ ਕੈਨੇਡਾ ‘ਚ ਹਰ ਸਾਲ ਬਰਫ਼ੀਲੇ ਤੂਫ਼ਾਨ ਕਾਰਨ ਔਸਤਨ 10 ਮੌਤਾਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬ੍ਰਿਟਿਸ਼ ਕੋਲੰਬੀਆ ਅਤੇ ਪੱਛਮੀ ਅਲਬਰਟਾ ‘ਚ ਹੁੰਦੀਆਂ ਹਨ। ਇਸ ਸੀਜ਼ਨ ‘ਚ ਹੁਣ ਤੱਕ ਬ੍ਰਿਟਿਸ਼ ਕੋਲੰਬੀਆ ‘ਚ ਬਰਫ਼ੀਲੇ ਤੂਫ਼ਾਨ ‘ਚ 12 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਇਸ ਨੂੰ ਦਹਾਕਿਆਂ ‘ਚ ਸਭ ਤੋਂ ਖ਼ਰਾਬ ਬਰਫ਼ੀਲੇ ਤੂਫ਼ਾਨਾਂ ‘ਚੋਂ ਇਕ ਬਣਾਉਂਦਾ ਹੈ।