ਟੀ-20 ਮੈਚਾਂ ਦੀ ਲੜੀ 2-0 ਨਾਲ ਜਿੱਤਣ ਮਗਰੋਂ ਸ਼ੁਰੂ ਹੋਈ ਵਨ ਡੇ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਇੰਡੀਆ ਹਾਰ ਗਿਆ ਹੈ। ਸਾਊਥ ਅਫਰੀਕਾ ਦੀ ਟੀਮ ਨੇ 9 ਦੌੜਾਂ ਨਾਲ ਹਰਾ ਕੇ ਇਹ ਮੈਚ ਜਿੱਤ ਲਿਆ। ਦੱਖਣੀ ਅਫਰੀਕਾ ਨੇ ਸੰਜੂ ਸੈਮਸਨ (ਅਜੇਤੂ 86) ਅਤੇ ਸ਼੍ਰੇਅਸ ਅਈਅਰ (50) ਦੇ ਅਰਧ ਸੈਂਕੜੇ ਵਾਲੀ ਪਾਰੀ ਅਤੇ ਮੀਂਹ ਨਾਲ ਪ੍ਰਭਾਵਿਤ ਮੈਚ ‘ਚ ਇੰਡੀਆ ਨੂੰ ਹਰਾ ਦਿੱਤਾ। ਮੀਂਹ ਕਾਰਨ ਮੈਚ ਦੇਰੀ ਨਾਲ ਸ਼ੁਰੂ ਹੋਇਆ ਅਤੇ ਮੈਚ ਨੂੰ 40 ਓਵਰਾਂ ਦਾ ਕਰ ਦਿੱਤਾ ਗਿਆ ਸੀ। ਦੱਖਣੀ ਅਫਰੀਕਾ ਨੇ ਇਕਾਨਾ ਸਟੇਡੀਅਮ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਡੀਆ ਨੂੰ 40 ਓਵਰਾਂ ‘ਚ 250 ਦੌੜਾਂ ਦਾ ਟੀਚਾ ਦਿੱਤਾ। ਜਵਾਬ ‘ਚ ਭਾਰਤੀ ਟੀਮ 8 ਵਿਕਟਾਂ ਦੇ ਨੁਕਸਾਨ ‘ਤੇ 240 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਨੂੰ ਮੁਸ਼ਕਿਲ ਵਿਕਟ ‘ਤੇ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਉਣ ਲਈ ਡੇਵਿਡ ਮਿਲਰ ਅਤੇ ਹੇਨਰਿਕ ਕਲਾਸੇਨ ਨੇ 139 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਮਿਲਰ ਨੇ 63 ਗੇਂਦਾਂ ‘ਤੇ 5 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਅਜੇਤੂ 75 ਦੌੜਾਂ ਬਣਾਈਆਂ ਜਦਕਿ ਕਲਾਸੇਨ ਨੇ 65 ਗੇਂਦਾਂ ‘ਤੇ 6 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 74 ਦੌੜਾਂ ਬਣਾਈਆਂ। ਸੈਮਸਨ ਅਤੇ ਅਈਅਰ ਨੇ ਇੰਡੀਆ ਨੂੰ ਇਸ ਟੀਚੇ ਤੱਕ ਪਹੁੰਚਾਉਣ ਲਈ ਸਖ਼ਤ ਸੰਘਰਸ਼ ਕੀਤਾ। ਸੈਮਸਨ ਨੇ 63 ਗੇਂਦਾਂ ‘ਚ 9 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 86 ਦੌੜਾਂ ਬਣਾਈਆਂ ਜਦਕਿ ਅਈਅਰ ਨੇ 37 ਗੇਂਦਾਂ ‘ਚ 50 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਸ਼ਾਰਦੁਲ ਠਾਕੁਰ ਨੇ ਵੀ ਸੰਘਰਸ਼ ਕਰਦੇ ਹੋਏ 31 ਗੇਂਦਾਂ ‘ਚ 5 ਚੌਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ ਪਰ ਉਪਰਲੇ ਕ੍ਰਮ ਦੀ ਅਸਫਲਤਾ ਕਾਰਨ ਇੰਡੀਆ ਲਈ ਟੀਚੇ ਤੱਕ ਪਹੁੰਚਣਾ ਅਸੰਭਵ ਸਾਬਤ ਹੋਇਆ।