ਓਲੰਪਿਕਸ ‘ਚ ਚਾਂਦੀ ਦਾ ਤਗ਼ਮਾ ਜੇਤੂ ਪਹਿਲਵਾਨ ਰਵੀ ਦਾਹੀਆ ਦੀਆਂ ਨਜ਼ਰਾਂ ਅਗਲੀ ਵਿਸ਼ਵ ਚੈਂਪੀਅਨਸ਼ਿਪ ਅਤੇ ਅਗਲੇ ਸਾਲ ਚੀਨ ਦੇ ਹਾਂਗਝੋਉ ‘ਚ ਹੋਣ ਵਾਲੀਆਂ ਮੁਲਤਵੀ ਏਸ਼ੀਅਨ ਗੇਮਜ਼ ‘ਚ ਸੋਨ ਤਗ਼ਮਾ ਜਿੱਤਣ ‘ਤੇ ਹਨ। ਰਵੀ 10 ਸਤੰਬਰ ਤੋਂ ਬੇਲਗ੍ਰੇਡ ‘ਚ ਸ਼ੁਰੂ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਲਈ ਰੂਸ ‘ਚ ਟ੍ਰੇਨਿੰਗ ਲੈ ਰਿਹਾ ਹੈ। ਬਰਮਿੰਘਮ ‘ਚ ਰਾਸ਼ਟਰਮੰਡਲ ਖੇਡਾਂ ‘ਚ 57 ਕਿਲੋਗ੍ਰਾਮ ਵਰਗ ‘ਚ ਸੋਨ ਤਗ਼ਮਾ ਜਿੱਤਣ ਵਾਲੇ ਰਵੀ ਨੇ ਕਿਹਾ ਕਿ ਖਿਡਾਰੀ ਦੇ ਰੂਪ ‘ਚ ਮੇਰੇ ਜੀਵਨ ਦਾ ਇਕੋ-ਇਕ ਉਦੇਸ਼ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨਾ ਹੈ। ਮੇਰਾ ਟੀਚਾ ਵਿਸ਼ਵ ਚੈਂਪੀਅਨਸ਼ਿਪ ਅਤੇ ਏਸ਼ੀਅਨ ਖੇਡਾਂ ‘ਚ ਸੋਨ ਤਗ਼ਮਾ ਜਿੱਤਣਾ ਹੈ। ਆਪਣੇ ਕੋਚ ਅਰੁਣ ਕੁਮਾਰ ਦੇ ਨਾਲ ਪਿਛਲੇ ਮਹੀਨੇ ਰੂਸ ਦੇ ਲਈ ਰਵਾਨਾ ਹੋਏ 24 ਸਾਲਾ ਰਵੀ ਸਥਾਨਕ ਪਹਿਲਵਾਨਾਂ ਅਤੇ ਕੋਚ ਦੇ ਨਾਲ ਵਲਾਦੀਕਾਵਕਾਜ ਅਕੈਡਮੀ ‘ਚ ਟ੍ਰੇਨਿੰਗ ਲੈ ਰਿਹਾ ਹੈ। ਇਹ ਉਹੀ ਸਥਾਨ ਹੈ ਜਿੱਥੇ ਓਲੰਪਿਕ ਸੋਨ ਤਗ਼ਮਾ ਜੇਤੂ ਜੌਰਬੈਕ ਸਿਦਾਕੋਵ ਟ੍ਰੇਨਿੰਗ ਲੈਂਦਾ ਹੈ।