ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਤੇ ਐੱਫ.ਆਈ.ਆਰ. ਦਰਜ ਨਾ ਕੀਤੇ ਜਾਣ ਦਾ ਦੋਸ਼ ਲਗਾਉਣ ਵਾਲੀਆਂ 7 ਮਹਿਲਾ ਪਹਿਲਵਾਨਾਂ ਦੀ ਪਟੀਸ਼ਨ ‘ਤੇ ਮੰਗਲਵਾਰ ਨੂੰ ਦਿੱਲੀ ਸਰਕਾਰ ਅਤੇ ਹੋਰਾਂ ਨੂੰ ਨੋਟਿਸ ਜਾਰੀ ਕੀਤੇ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਪੀ.ਐੱਸ. ਨਰਸਿਮਹਾ ਦੀ ਬੈਂਚ ਨੇ ਸੀਨੀਅਰ ਵਕੀਲ ਕਪਿਲ ਸਿੱਬਲ ਦੀਆਂ ਦਲੀਲਾਂ ਦਾ ਨੋਟਿਸ ਲਿਆ ਕਿ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਬਾਵਜੂਦ ਕੋਈ ਐੱਫ.ਆਈ.ਆਰ. ਦਰਜ ਨਹੀਂ ਕੀਤੀ ਗਈ ਹੈ। ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਬਣਾਈ ਕਮੇਟੀ ਦੀ ਰਿਪੋਰਟ ਜਨਤਕ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਮੁੜ ਜੰਤਰ ਮੰਤਰ ‘ਤੇ ਧਰਨਾ ਲਾਉਣ ਵਾਲੇ ਦੇਸ਼ ਦੇ ਸਿਖਰਲੇ ਪਹਿਲਵਾਨਾਂ ਨੇ ਸੁਪਰੀਮ ਕੋਰਟ ਦਾ ਰੁਖ਼ ਕਰਨ ਦੀ ਧਮਕੀ ਦਿੱਤੀ ਹੈ। ਪਹਿਲਵਾਨਾਂ ਨੇ ਕਿਹਾ ਕਿ ਜੇਕਰ ਬ੍ਰਿਜ ਭੂਸ਼ਣ ਸਿੰਘ ਖਿਲਾਫ਼ ਐੱਫ.ਆਈ.ਆਰ. ਦਰਜ ਨਾ ਕੀਤੀ ਗਈ ਤਾਂ ਉਹ ਦੇਸ਼ ਦੀ ਸਿਖਰਲੀ ਕੋਰਟ ‘ਚ ਦਸਤਕ ਦੇਣਗੇ। ਪਹਿਲਵਾਨਾਂ ਨੇ ਦੇਸ਼ਵਿਆਪੀ ਹਮਾਇਤ ਜੁਟਾਉਣ ਲਈ ‘ਖਾਪਾਂ’, ਪੰਚਾਇਤਾਂ ਤੇ ਹੋਰਨਾਂ ਕਈ ਜਥੇਬੰਦੀਆਂ ਤੋਂ ਸਹਿਯੋਗ ਮੰਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਧਰਨਾ ‘ਗੈਰਸਿਆਸੀ’ ਸੀ, ਪਰ ਹੁਣ ਉਨ੍ਹਾਂ ਨੂੰ ਕਿਸੇ ਵੀ ਸਿਆਸੀ ਪਾਰਟੀ ਤੋਂ ਕੋਈ ਪਰਹੇਜ਼ ਨਹੀਂ ਹੈ। ਉਨ੍ਹਾਂ ਕੌਮੀ ਮਹਿਲਾ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੂੰ ਪੱਤਰ ਲਿਖ ਕੇ ਮਹਿਲਾ ਪਹਿਲਵਾਨਾਂ ਦੀ ਹੱਡਬੀਤੀ ਦੱਸੀ ਹੈ। ਉਧਰ ਦਿੱਲੀ ਪੁਲੀਸ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਖ਼ਿਲਾਫ਼ ਸ਼ਿਕਾਇਤ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਖੇਡ ਮੰਤਰਾਲੇ ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੀਆਂ 7 ਮਈ ਲਈ ਤਜਵੀਜ਼ਤ ਚੋਣਾਂ ‘ਤੇ ਰੋਕ ਲਾਉਂਦਿਆਂ ਫੈਡਰੇਸ਼ਨ ਦੇ ਰੋਜ਼ਮਰ੍ਹਾ ਦਾ ਕੰਮਕਾਜ ਚਲਾਉਣ ਲਈ ਭਾਰਤੀ ਓਲੰਪਿਕ ਐਸੋਸੀਏਸ਼ਨ ਨੂੰ ਐਡਹਾਕ ਕਮੇਟੀ ਗਠਿਤ ਕਰਨ ਲਈ ਕਿਹਾ ਹੈ। ਉਧਰ ਧਰਨਾਕਾਰੀ ਪਹਿਲਵਾਨਾਂ ਨੇ ਕਿਹਾ ਕਿ ਉਨ੍ਹਾਂ ਦਾ ਇਨ੍ਹਾਂ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਤੇ ਉਹ ਸਿੰਘ ‘ਤੇ ਲੱਗੇ ਮਹਿਲਾ ਅਥਲੀਟਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਢੁੱਕਵੀਂ ਜਾਂਚ ਲਈ ਦਬਾਅ ਪਾਉਂਦੇ ਰਹਿਣਗੇ। ਓਲੰਪੀਅਨ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਮੰਨਿਆ ਕਿ ਉਨ੍ਹਾਂ ਤਿੰਨ ਮਹੀਨੇ ਪਹਿਲਾਂ ਆਪਣਾ ਧਰਨਾ ਚੁੱਕ ਕੇ ਗ਼ਲਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ‘ਹੱਥਠੋਕੇ ਵਜੋਂ ਵਰਤਿਆ’ ਸੀ। ਵਿਨੇਸ਼ ਨੇ ਕਿਹਾ, ‘ਹੁਣ ਅਸੀਂ ਕਿਸੇ ਦੀ ਵੀ ਨਹੀਂ ਸੁਣਾਂਗੇ। ਅਸੀਂ ਆਪਣੇ ਧਰਨੇ ਦੀ ਮੂਹਰੇ ਹੋ ਕੇ ਅਗਵਾਈ ਕਰਾਂਗੇ, ਪਰ ਹੁਣ ਸਾਨੂੰ ਸਾਡੇ ‘ਗੁਰੂਜਨ’ ਤੇ ‘ਕੋਚ-ਖਲੀਫਾ’ ਸੇਧ ਦੇਣਗੇ। ਪਿਛਲੀ ਵਾਰ ਅਸੀਂ ਧਰਨਾ ਚੁੱਕ ਕੇ ਗ਼ਲਤੀ ਕਰ ਬੈਠੇ ਸੀ। ਹੁਣ ਅਸੀਂ ਕਿਸੇ ਵਿਚੋਲੀਏ ਨੂੰ ਸਵੀਕਾਰ ਨਹੀਂ ਕਰਾਂਗੇ, ਅਸੀਂ ਕਿਸੇ ਨੂੰ ਵੀ ਸਾਡੇ ਨਾਲ ਵਿਸ਼ਵਾਸਘਾਤ ਨਹੀਂ ਕਰਨ ਦੇਵਾਂਗੇ।’ ਮਹਿਲਾ ਪਹਿਲਵਾਨ ਨੇ ਸਵਾਲ ਕੀਤਾ, ‘ਅਸੀਂ ਸਿਰਫ਼ ਇੰਨਾ ਚਾਹੁੰਦੇ ਹਾਂ ਕਿ ਪੁਲੀਸ ਐੱਫ.ਆਈ.ਆਰ. ਦਰਜ ਕਰ ਕੇ ਮਾਮਲੇ ਦੀ ਜਾਂਚ ਕਰੇ। ਅਸੀਂ ਆਜ਼ਾਦ ਭਾਰਤ ਦੇ ਨਾਗਰਿਕ ਹਾਂ ਤੇ ਨਿਆਂ ਲੈਣ ਲਈ ਕਈ ਰਾਹ ਹਨ। ਕੀ ਸਾਨੂੰ ਕਿਤੋਂ ਵੀ ਨਿਆਂ ਨਹੀਂ ਮਿਲੇਗਾ?’