ਮਿਸੀਸਾਗਾ ਦੇ ਗੈਸ ਸਟੇਸ਼ਨ ‘ਤੇ ਗੋਲੀਆਂ ਮਾਰ ਕਤਲ ਕੀਤੀ ਪਵਨਪ੍ਰੀਤ ਕੌਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਲਾੜ ਦੀ ਵਸਨੀਕ ਸੀ ਅਤੇ ਉਸ ਦੀ ਹੱਤਿਆ ਤੋਂ ਬਾਅਦ ਪਰਿਵਾਰ ਡੂੰਘੇ ਸਦਮੇ ‘ਚ ਹੈ। ਲੜਕੀ ਦੇ ਪਿਤਾ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਦੋ ਧੀਆਂ ‘ਚ ਪਵਨਪ੍ਰੀਤ ਕੌਰ ਵੱਡੀ ਸੀ ਜੋ ਕਿ 3 ਸਾਲ ਪਹਿਲਾਂ ਕੈਨੇਡਾ ਪੜ੍ਹਨ ਗਈ ਸੀ ਅਤੇ ਉਸ ਦੀ ਛੋਟੀ ਬੇਟੀ +2 ‘ਚ ਪੜ੍ਹਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਸ ਨੂੰ ਪਤਾ ਹੁੰਦਾ ਕਿ ਕੈਨੇਡਾ ‘ਚ ਉਸ ਦੀ ਲੜਕੀ ਨੂੰ ਗੋਲੀ ਮਾਰ ਦਿੱਤੀ ਜਾਵੇਗੀ ਤਾਂ ਉਹ ਕਦੇ ਆਪਣੀ ਲੜਕੀ ਨੂੰ ਬਾਹਰ ਨਾ ਭੇਜਦਾ। ਉਸ ਨੂੰ ਹੁਣ ਆਪਣੀ ਧੀ ਨੂੰ ਕੈਨੇਡਾ ਭੇਜਣ ਦਾ ਪਛਤਾਵਾ ਹੈ। ਉਸ ਮਾਤਬਿਕ ਉਸ ਨੇ ਟੈਂਪੂ ਚਲਾ ਕੇ ਅਤੇ ਮੱਝਾਂ ਦਾ ਦੁੱਧ ਵੇਚ ਕੇ ਬੜ੍ਹਾ ਔਖਾ ਹੋ ਕੇ ਆਪਣੀਆਂ ਦੋ ਬੇਟੀਆਂ ਨੂੰ ਪੁੱਤਾਂ ਵਾਂਗ ਪਾਲਿਆ ਅਤੇ ਉਸ ਦੀਆਂ ਬੇਟੀਆਂ ਨੇ ਵੀ ਉਸ ਨੂੰ ਕਦੇ ਬੇਟਾ ਨਾ ਹੋਣ ਦਾ ਅਹਿਸਾਸ ਨਹੀਂ ਹੋਣ ਦਿੱਤਾ। ਉਸ ਨੇ ਕਿਹਾ ਕਿ ਹੁਣ ਆਪਣੀ ਛੋਟੀ ਬੇਟੀ ਨੂੰ ਬਾਹਰ ਭੇਜਣ ਲਈ ਸੋਚ ਵੀ ਨਹੀਂ ਸਕਦਾ ਜਦੋਂ ਕਿ ਪਹਿਲਾਂ ਉਸ ਦਾ ਪ੍ਰੋਗਰਾਮ ਆਪਣੀ ਛੋਟੀ ਬੇਟੀ ਨੂੰ ਆਪਣੀ ਵੱਡੀ ਬੇਟੀ ਕੋਲ ਭੇਜਣ ਦਾ ਸੀ। ਉਸ ਨੇ ਕਿਹਾ ਕਿ ਉਹ ਆਪਣੀ ਬੇਟੀ ਦੀ ਮ੍ਰਿਤਕ ਦੇਹ ਨੂੰ ਸਸਕਾਰ ਲਈ ਪੰਜਾਬ ਲਿਆਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ। ਉਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਸ ਦੀ ਇਸ ਕੰਮ ‘ਚ ਮਦਦ ਕੀਤੀ ਜਾਵੇ। ਪਵਨਪ੍ਰੀਤ ਦੀ ਮਾਤਾ ਜਸਵੀਰ ਕੌਰ ਨੇ ਦੱਸਿਆ ਕਿ ਉਹ ਇਸ ਘਟਨਾ ਨਾਲ ਟੁੱਟ ਗਏ ਹਨ ਕਿਉਂਕਿ ਉਸ ਦੀ ਧੀ ਪੁੱਤਰਾਂ ਵਰਗੀ ਹੀ ਸੀ ਅਤੇ ਪੜ੍ਹਾਈ ‘ਚ ਬਹੁਤ ਹੁਸ਼ਿਆਰ ਸੀ। ਇਸ ਮੌਕੇ ਗੁਆਂਢੀ ਹਮੀਰ ਸਿੰਘ ਨੇ ਕਿਹਾ ਕਿ ਦਵਿੰਦਰ ਸਿੰਘ ਦੀ ਧੀ ਪਵਨਪ੍ਰੀਤ ਕੌਰ ਉਨ੍ਹਾਂ ਕੋਲ ਖੇਡਦੀ ਰਹੀ ਹੈ ਅਤੇ ਬਹੁਤ ਮਿਹਨਤੀ ਸੀ। ਉਸ ਨੇ ਦੱਸਿਆ ਕਿ ਪਰਿਵਾਰ ਨੇ ਆਪਣੀ ਬੇਟੀ ਨੂੰ ਬਾਹਰ ਭੇਜਣ ਲਈ ਬੜੀ ਮੁਸ਼ਕਿਲ ਨਾਲ ਕਿਵੇਂ ਨਾਂ ਕਿਵੇਂ ਹੀਲਾ ਕੀਤਾ ਸੀ, ਪਰੰਤੂ ਉਨ੍ਹਾਂ ਦੀਆਂ ਖੁਸ਼ੀਆਂ ਇਸ ਮੌਤ ਨਾਲ ਖੋਹੀਆਂ ਗਈਆਂ ਹਨ। ਪਵਨਪ੍ਰੀਤ ਕੌਰ ਦੇ ਮਾਪਿਆਂ ਨੇ ਵਿਦੇਸ਼ਾਂ ‘ਚ ਵੱਸਦੇ ਪੰਜਾਬੀ ਭਾਈਚਾਰੇ ਤੋਂ ਵੀ ਵੀ ਧੀ ਦੀ ਦੇਹ ਪੰਜਾਬ ਭੇਜਣ ਲਈ ਮਦਦ ਮੰਗੀ ਹੈ।