ਪੇਲੇ ਦੇ ਆਪਣਾ ਆਖਰੀ ਮੈਚ ਖੇਡਣ ਦੇ 45 ਸਾਲ ਬਾਅਦ ਵੀ ਉਨ੍ਹਾਂ ਤੋਂ ਬਿਨਾਂ ਆਧੁਨਿਕ ਫੁੱਟਬਾਲ ਜਾਂ ਬ੍ਰਾਜ਼ੀਲ ਦੀ ਕਲਪਨਾ ਕਰਨਾ ਮੁਸ਼ਕਲ ਹੈ। 17 ਸਾਲਾ ਜਿਓਵਾਨਾ ਸਰਮੈਂਟੋ ਨੇ ਪੇਲੇ ਦੀ ਮ੍ਰਿਤਕ ਦੇਹ ਨੂੰ ਦੇਖਣ ਲਈ ਤਿੰਨ ਘੰਟੇ ਇੰਤਜ਼ਾਰ ਕੀਤਾ ਜਿਸ ਨੂੰ ਉਸ ਸਟੇਡੀਅਮ ‘ਚ ਰੱਖਿਆ ਗਿਆ ਹੈ ਜਿੱਥੇ ਉਸਨੇ ਆਪਣੇ ਕਰੀਅਰ ਦਾ ਜ਼ਿਆਦਾਤਰ ਸਮਾਂ ਖੇਡਿਆ ਸੀ। ਉਹ ਆਪਣੇ ਪਿਤਾ ਨਾਲ ਆਈ ਸੀ ਜਿਨ੍ਹਾਂ ਨੇ ਪੇਲੇ ਦੇ ਨਾਂ ਵਾਲੀ ਬ੍ਰਾਜ਼ੀਲ ਦੀ ਟੀ-ਸ਼ਰਟ ਪਾਈ ਹੋਈ ਸੀ। ਜਿਓਵਾਨਾ ਨੇ ਕਿਹਾ, ‘ਮੈਂ ਸਾਂਤੋਸ ਦੀ ਪ੍ਰਸ਼ੰਸਕ ਨਹੀਂ ਹਾਂ ਅਤੇ ਨਾ ਹੀ ਮੇਰੇ ਪਿਤਾ। ਪਰ ਇਸ ਸ਼ਖਸ ਨੇ ਬ੍ਰਾਜ਼ੀਲ ਦੀ ਰਾਸ਼ਟਰੀ ਟੀਮ ਨੂੰ ਨਵੀਂ ਪਛਾਣ ਦਿੱਤੀ। ਉਸਨੇ ਸਾਂਤੋਸ ਨੂੰ ਮਜ਼ਬੂਤ ਬਣਾਇਆ, ਉਸ ਨੇ ਇਸ ਨੂੰ ਵੱਡਾ ਬਣਾਇਆ, ਤੁਸੀਂ ਉਨ੍ਹਾਂ ਦਾ ਸਤਿਕਾਰ ਕਿਵੇਂ ਨਹੀਂ ਕਰ ਸਕਦੇ? ਉਹ ਹੁਣ ਤਕ ਦੇ ਸਮੇਂ ਦੇ ਮਹਾਨ ਵਿਅਕਤੀਆਂ ਵਿੱਚੋਂ ਇਕ ਹੈ, ਸਾਨੂੰ ਉਨ੍ਹਾਂ ਦਾ ਸਤਿਕਾਰ ਕਰਨ ਦੀ ਲੋੜ ਹੈ। ਪੇਲੇ ਨੂੰ ਮੰਗਲਵਾਰ ਨੂੰ ਉਸ ਸ਼ਹਿਰ ‘ਚ ਦਫ਼ਨਾਇਆ ਗਿਆ ਜਿੱਥੇ ਉਹ ਵੱਡਾ ਹੁੰਦੇ ਹੋਏ ਪ੍ਰਸਿੱਧ ਹੋਇਆ ਅਤੇ ਇਸ ਨੂੰ ਫੁੱਟਬਾਲ ਦੀ ਵਿਸ਼ਵ ਰਾਜਧਾਨੀ ਬਣਾਉਣ ‘ਚ ਮਦਦ ਕੀਤੀ। ਪੇਲੇ ਦੇ ਸਰੀਰ ਨੂੰ ਤਾਬੂਤ ‘ਚ ਲਿਜਾਏ ਜਾਣ ਤੋਂ ਪਹਿਲਾਂ ਵਿਲਾ ਬੇਲਮੀਰੋ ਸਟੇਡੀਅਮ ‘ਚ ਇਕ ਕੈਥੋਲਿਕ ਮਾਸ ਆਯੋਜਿਤ ਕੀਤਾ ਗਿਆ। ਬ੍ਰਾਜ਼ੀਲ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਵੀ ਇਸ ਸਮੇਂ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕੈਂਸਰ ਨਾਲ ਜੂਝਦੇ ਹੋਏ ਵੀਰਵਾਰ ਨੂੰ 82 ਸਾਲ ਦੀ ਉਮਰ ‘ਚ ਪੇਲੇ ਦੀ ਮੌਤ ਹੋ ਗਈ ਸੀ। ਉਹ ਤਿੰਨ ਵਿਸ਼ਵ ਕੱਪ ਜਿੱਤਣ ਵਾਲਾ ਇਕਲੌਤਾ ਖਿਡਾਰੀ ਸੀ। ਹਾਈ ਸਕੂਲ ਦੇ ਵਿਦਿਆਰਥੀਆਂ ਅਤੇ ਸੁਪਰੀਮ ਕੋਰਟ ਦੇ ਜੱਜਾਂ ਸਮੇਤ ਹਜ਼ਾਰਾਂ ਸੋਗ ਕਰਨ ਵਾਲੇ ਸੋਮਵਾਰ ਨੂੰ ਪੇਲੇ ਦੀ ਮ੍ਰਿਤਕ ਦੇਹ ਨੂੰ ਦੇਖਣ ਗਏ। ਪੇਲੇ ਦਾ ਤਾਬੂਤ ਬ੍ਰਾਜ਼ੀਲ ਅਤੇ ਸਾਂਤੋਸ ਐਫਸੀ ਫੁੱਟਬਾਲ ਕਲੱਬ ਦੇ ਝੰਡੇ ‘ਚ ਲਪੇਟ ਕੇ ਵਿਲਾ ਬੇਲਮੀਰੋ ਦੇ ਮਿਡਫੀਲਡ ‘ਚ ਰੱਖਿਆ ਗਿਆ ਸੀ।