ਆਸਟਰੇਲੀਅਨ ਪੁਲੀਸ ਫੋਰਸ ਨੇ ਸਿਡਨੀ ‘ਚ ਇਕ ਪੁਲੀਸ ਸਟੇਸ਼ਨ ਅੰਦਰ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਵਿਅਕਤੀ ਨੂੰ ਮਾਰੇ ਜਾਣ ਤੋਂ ਬਾਅਦ ਇਸ ‘ਗੰਭੀਰ ਘਟਨਾ ਦੇ ਪਿੱਛੇ ਦੇ ਕਾਰਨਾਂ ਦੀ ਜਾਂਚ’ ਸ਼ੁਰੂ ਕਰ ਦਿੱਤੀ ਗਈ ਹੈ। ਮੀਡੀਆ ਖ਼ਬਰਾਂ ਮੁਤਾਬਕ ਸਿਡਨੀ ਦੇ ਪੱਛਮ ‘ਚ ਪੁਲੀਸ ਅਧਿਕਾਰੀਆਂ ਵੱਲੋਂ ਗੋਲੀ ਮਾਰ ਕੇ ਮਾਰੇ ਗਏ ਹਥਿਆਰਬੰਦ ਵਿਅਕਤੀ ਦੀ ਪਛਾਣ ਭਾਰਤੀ ਵਿਦਿਆਰਥੀ ਵਜੋਂ ਹੋਈ ਹੈ। 32 ਸਾਲਾ ਵਿਅਕਤੀ, ਜੋ 2019 ਵਿਦਿਆਰਥੀ ਵੀਜ਼ੇ ‘ਤੇ ਆਸਟਰੇਲੀਆ ਆਇਆ ਸੀ, ਨੇ ਸੋਮਵਾਰ ਰਾਤ ਔਬਰਨ ਰੇਲਵੇ ਸਟੇਸ਼ਨ ‘ਤੇ ਇਕ ਅਜਨਬੀ ਨੂੰ ਨਿਸ਼ਾਨਾ ਬਣਾਇਆ। ਇਸ ਨੌਜਵਾਨ ਦੇ ਭਾਰਤੀ ਹੋਣ ਬਾਰੇ ਫਿਲਹਾਲ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਸਹਾਇਕ ਕਮਿਸ਼ਨਰ ਸਟੂਅਰਟ ਸਮਿਥ ਨੇ ਕਿਹਾ ਕਿ ਔਬਰਨ ਦਾ 32 ਸਾਲ ਦਾ ਇਕ ਵਿਅਕਤੀ ਔਬਰਨ ਰੇਲਵੇ ਸਟੇਸ਼ਨ ਦੇ ਟਰਨਸਟਾਇਲ ‘ਚ ਦਾਖਲ ਹੋਇਆ। ਉਸ ਨੇ ਉਥੇ ਕੰਮ ਕਰਦੇ ਇਕ 28 ਸਾਲਾ ਕਲੀਨਰ ‘ਤੇ ਬੇਰਹਿਮੀ ਨਾਲ ਹਮਲਾ ਕੀਤਾ। ਇਸ ਹਮਲੇ ‘ਚ ਕਲੀਨਰ ਨੂੰ ਉਸਦੇ ਮੱਥੇ ਅਤੇ ਕਮਰ ‘ਚ ਚਾਕੂ ਮਾਰਿਆ ਗਿਆ ਸੀ। ਕਲੀਨਰ ਨੂੰ ਉਥੇ ਛੱਡ ਕੇ 32 ਸਾਲਾ ਵਿਅਕਤੀ ਪੁਲੀਸ ਸਟੇਸ਼ਨ ਗਿਆ ਅਤੇ ਅੰਦਰ ਜਾਣ ਵਾਲੇ ਕੱਚ ਦੇ ਦਰਵਾਜ਼ਿਆਂ ਦੇ ਇਕ ਸੈੱਟ ਨੇੜੇ ਖੜ੍ਹਾ ਹੋ ਗਿਆ। ਥੋੜ੍ਹੀ ਦੇਰ ਬਾਅਦ ਚਾਕੂ ਮਾਰਨ ਦੀ ਘਟਨਾ ਬਾਰੇ ਜਾਣਕਾਰੀ ਦੇਣ ਲਈ ਟ੍ਰਿਪਲ-0 ‘ਤੇ ਕਾਲ ਆਈ। ਜਦੋਂ ਦੋ ਪੁਲੀਸ ਅਧਿਕਾਰੀ ਉਸ ਘਟਨਾ ਦਾ ਜਵਾਬ ਦੇ ਰਹੇ ਸਨ ਤਾਂ ਵਿਅਕਤੀ ਨੇ ਸ਼ੀਸ਼ੇ ਦੇ ਦਰਵਾਜ਼ੇ ਖੋਲ੍ਹਣ ਦੀ ਕੋਸ਼ਿਸ਼ ਕੀਤੀ ਅਤੇ ਥਾਣੇ ‘ਚ ਦਾਖਲ ਹੋ ਗਿਆ। ਫਿਰ ਉਹ ਅਫਸਰਾਂ ‘ਤੇ ਹਮਲਾ ਕਰਨ ਲਈ ਅੱਗੇ ਵਧਿਆ। ਉਸੇ ਸਮੇਂ ਸੀਨੀਅਰ ਪੁਲੀਸ ਅਧਿਕਾਰੀ ਨੇ ਆਪਣੀ ਸਰਵਿਸ ਪਿਸਤੌਲ ਕੱਢੀ ਅਤੇ ਤਿੰਨ ਗੋਲੀਆਂ ਚਲਾਈਆਂ ਜਿਨ੍ਹਾਂ ਵਿੱਚੋਂ ਦੋ ਉਸ ਦੀ ਛਾਤੀ ‘ਚ ਲੱਗੀਆਂ। ਅਫਸਰਾਂ ਨੇ ਤੁਰੰਤ ਐਂਬੂਲੈਂਸ ਪੈਰਾਮੈਡਿਕਸ ਦੇ ਆਉਣ ਤੱਕ ਵਿਅਕਤੀ ਦਾ ਮੁੱਢਲਾ ਇਲਾਜ ਕੀਤਾ। ਬਿਆਨ ਅਨੁਸਾਰ ਉਸ ਨੂੰ ਵੈਸਟਮੀਡ ਹਸਪਤਾਲ ਲਿਜਾਇਆ ਗਿਆ ਪਰ ਥੋੜ੍ਹੇ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਸਮਿਥ ਨੇ ਕਿਹਾ ਕਿ ‘ਪੁਲੀਸ ਭਾਰਤੀ ਵਣਜ ਦੂਤਘਰ ਤੱਕ ਪਹੁੰਚ ਕਰ ਰਹੀ ਹੈ ਤਾਂ ਜੋ ਉਹ ਉਸਦੀ ਪਛਾਣ ਦੀ ਪੁਸ਼ਟੀ ਕਰ ਸਕਣ।’ ਮਾਮਲੇ ਦੀ ਜਾਂਚ ਲਈ ਜਾਸੂਸਾਂ ਨੇ ਤਿੰਨ ਅਪਰਾਧ ਸੀਨ ਬਣਾਏ ਹਨ -ਰੇਲਵੇ ਸਟੇਸ਼ਨ, ਪੁਲੀਸ ਸਟੇਸ਼ਨ ਅਤੇ ਇਕ ਰਿਹਾਇਸ਼ੀ ਪਤਾ। ਸਮਿਥ ਨੇ ਕਿਹਾ ਕਿ ‘ਅਸੀਂ ਇਸ ਵਿਅਕਤੀ ਦੇ ਇਰਾਦੇ ਬਾਰੇ ਪਤਾ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਾਂ। ਅਧਿਕਾਰੀਆਂ ਅਤੇ ਕਲੀਨਰ ਨੂੰ ਕੌਂਸਲਿੰਗ ਦਿੱਤੀ ਜਾ ਰਹੀ ਹੈ ਜੋ ਹਸਪਤਾਲ ‘ਚ ਸਥਿਰ ਹਾਲਤ ‘ਚ ਹੈ।’