ਬਰੈਂਪਟਨ ਦੇ ਰਹਿਣ ਵਾਲੇ ਇਕ ਪੰਜਾਬੀ ਨੌਜਵਾਨ ਨੂੰ ਚੋਰੀ ਦੀ ਗੱਡੀ ਨਾਲ ਪੁਲੀਸ ਵਾਹਨ ਨੂੰ ਟੱਕਰ ਮਾਰ ਕੇ ਸੜਕ ਤੋਂ ਹੇਠਾਂ ਲਾਹੁਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਵੇਰਵਿਆਂ ਮੁਤਾਬਕ ਜੁਲਾਈ 2021 ‘ਚ ਗੌਰਵਦੀਪ ਸਿੰਘ ਨੂੰ ਹੁਰਓਂਟਾਰੀਓ ਸਟਰੀਟ ਨੇੜੇ ਚੋਰੀ ਦੀ ਗੱਡੀ ‘ਚ ਘੁੰਮਦਿਆਂ ਦੇਖਿਆ ਗਿਆ ਸੀ। ਪੀਲ ਪੁਲੀਸ ਨੇ ਦੱਸਿਆ ਕਿ ਉਸ ਨੇ ਪੁਲੀਸ ਦੀ ਕਰੂਜ਼ਰ ਨੂੰ ‘ਜਾਣਬੁੱਝ ਕੇ ਟੱਕਰ ਮਾਰੀ ਤੇ ਇਸ ਨੂੰ ਆਪਣੇ ਬਚਾਅ ਖਾਤਰ ਸੜਕ ਤੋਂ ਹੇਠਾਂ ਲਾਹੁਣ ਦੀ ਕੋਸ਼ਿਸ਼ ਕੀਤੀ। ਪੁਲੀਸ ਮੁਤਾਬਕ ਉਸ ਨੇ ਇਹ ਸਭ ਜਾਣਬੁੱਝ ਕੇ ਆਪਣੇ ਬਚਾਅ ਲਈ ਕੀਤਾ। ਇਸ ਤੋਂ ਬਾਅਦ ਉਸ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਕੱਢੇ ਗਏ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗੌਰਵਦੀਪ ਉਤੇ 12 ਦੋਸ਼ ਲਾਏ ਗਏ ਹਨ ਜਿਨ੍ਹਾਂ ‘ਚ ਵਾਹਨ ਚੋਰੀ ਕਰਨਾ ਵੀ ਸ਼ਾਮਲ ਹੈ। ਪੀਲ ਰੀਜ਼ਨਲ ਪੁਲੀਸ ਨੇ ਕਿਹਾ ਕਿ ਪਿਛਲੇ ਸਾਲ ਜੁਲਾਈ ‘ਚ ਗੌਰਵਦੀਪ ਸਿੰਘ ਨੂੰ ਹੁਰਓਂਟਾਰੀਓ ਸਟਰੀਟ ਅਤੇ ਕਾਉਂਟੀ ਕੋਰਟ ਬੁਲੇਵਾਰਡ ਦੇ ਆਲੇ-ਦੁਆਲੇ ਇਕ ਚੋਰੀ ਹੋਈ ਗੱਡੀ ਚਲਾਉਂਦੇ ਦੇਖਿਆ ਗਿਆ ਸੀ। ਗੌਰਵਦੀਪ ਸਿੰਘ ‘ਤੇ ਜਿਹੜੇ 12 ਅਪਰਾਧਾਂ ਦੇ ਦੋਸ਼ ਲਾਏ ਗਏ ਹਨ ਉਨ੍ਹਾਂ ‘ਚ ਮੋਟਰ ਵਾਹਨ ਚੋਰੀ, ਚੋਰੀ ਦੀ ਜਾਇਦਾਦ ‘ਤੇ ਕਬਜ਼ਾ ਕਰਨਾ ਅਤੇ ਪੁਲੀਸ ਅਧਿਕਾਰੀ ਨੂੰ ਟੱਕਰ ਮਾਰ ਕੇ ਭੱਜਣਾ ਸ਼ਾਮਲ ਹੈ। ਪੀਲ ਪੁਲੀਸ ਦੇ ਡਿਪਟੀ ਚੀਫ਼ ਮਾਰਕ ਐਂਡਰਿਊਜ਼ ਨੇ ਕਿਹਾ, ‘ਇਹ ਇਕ ਚਮਤਕਾਰ ਸੀ ਕਿ ਇਸ ਘਟਨਾ ‘ਚ ਕਿਸੇ ਦੇ ਗੰਭੀਰ ਸੱਟ ਨਹੀਂ ਲੱਗੀ ਕਿਉਂਕਿ ਇਸ ਵਿਅਕਤੀ ਨੇ ਸਾਡੇ ਅਫਸਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਜੋ ਸਾਡੇ ਭਾਈਚਾਰੇ ਨੂੰ ਸੁਰੱਖਿਅਤ ਰੱਖਣ ਲਈ ਆਪਣੀਆਂ ਨੌਕਰੀਆਂ ਨਾਲ ਜੁੜੇ ਅੰਦਰੂਨੀ ਜ਼ੋਖਮਾਂ ਨੂੰ ਸਵੀਕਾਰ ਕਰਦੇ ਹਨ।’