ਅਮਰੀਕਾ ਦੇ ਪੱਛਮੀ ਪੈਨਸਿਲਵੇਨੀਆ ਦੇ ਇਕ ਪੁਲੀਸ ਮੁਖੀ ਦੀ ਮੌਤ ਅਤੇ ਦੋ ਹੋਰ ਅਧਿਕਾਰੀਆਂ ਦੇ ਜ਼ਖ਼ਮੀ ਹੋਣ ਦੀ ਘਟਨਾ ਤੋਂ ਬਾਅਦ ਪੁਲੀਸ ਨੇ ਪਿੱਛਾ ਕਰਕੇ ਇਕ ਸ਼ੱਕੀ ਵਿਅਕਤੀ ਨੂੰ ਮਾਰ ਦਿੱਤਾ। ਉਸ ਕੋਲੋਂ 5 ਬੰਦੂਕਾਂ ਬਰਾਮਦ ਕੀਤੀਆਂ ਗਈਆਂ ਹਨ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਮੁਖੀ ਅਤੇ ਇਕ ਹੋਰ ਅਧਿਕਾਰੀ ਨੂੰ ਪਿਟਸਬਰਗ ਦੇ ਉੱਤਰ-ਪੂਰਬ ‘ਚ ਏਲੇਘਨੀ ਕਾਊਂਟੀ ਦੇ ਬੈਰੇਕਨਰੀਜ਼ ‘ਚ ਵੱਖ-ਵੱਖ ਬਲਾਕਾਂ ‘ਚ ਗੋਲੀ ਮਾਰ ਦਿੱਤੀ ਗਈ ਸੀ। ਅਧਿਕਾਰੀਆਂ ਨੇ ਕਿਹਾ ਕਿ ਸ਼ੱਕੀ ਨੇ ਇਕ ਵਾਹਨ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਪੁਲੀਸ ਦੇ ਨਾਲ ਗੋਲੀਬਾਰੀ ਕੀਤੀ ਸੀ ਜਿਸ ਤੋਂ ਬਾਅਦ ਪਿਟਸਬਰਗ ‘ਚ ਉਸ ਨੂੰ ਮਾਰ ਮੁਕਾਇਆ ਗਿਆ। ਨਿਰਵਾਚਿਤ ਗਵਰਨਰ, ਸਟੇਟ ਅਟਾਰਨੀ ਜਰਨਲ ਜੋਸ਼ ਸ਼ਾਪਿਰੋ ਨੇ ਕਿਹਾ ਕਿ ਬ੍ਰੈਕੇਨਰੀਜ਼ ਪੁਲੀਸ ਮੁਖੀ ਜਸਟਿਨ ਮੈਕਇੰਟਾਇਰ ਪੈਨੇਸਿਲਵੇਨੀਆ ਵਾਸੀਆਂ ਦੀ ਸੁਰੱਖਿਆ ਲਈ ਸ਼ੱਕੀ ਵਿਅਕਤੀ ਵੱਲ ਭੱਜੇ ਅਤੇ ਉਨ੍ਹਾਂ ਨੇ ਲੋਕਾਂ ਦੀ ਸੇਵਾ ‘ਚ ਆਪਣਾ ਜੀਵਨ ਵਾਰ ਦਿੱਤਾ। ਬਾਕੀ ਜ਼ਖ਼ਮੀ ਦੋ ਅਧਿਕਾਰੀਆਂ ਦਾ ਇਲਾਜ ਹੋ ਰਿਹਾ ਹੈ। ਏਲੇਘੇਨੀ ਕਾਊਂਟੀ ਪੁਲੀਸ ਨੇ ਮੰਗਲਵਾਰ ਨੂੰ ਕਿਹਾ ਕਿ ਸੂਬਾ ਪੁਲੀਸ ਨੇ ਹਥਿਆਰਾਂ ਨਾਲ ਜੁੜੇ ਉਲੰਘਨ ‘ਤੇ ਰੂਟ 22 ‘ਤੇ ਡੂਕਸੇਨ ਦੇ 28 ਸਾਲਾ ਆਰੋਨ ਲੈਮੋਂਟ ਸਵਾਨ ਜੂਨੀਅਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਭੱਜ ਗਿਆ। ਪੁਲੀਸ ਨੇ ਕਿਹਾ ਕਿ ਮਾਮਲੇ ਦੌਰਾਨ ਸਵਾਨ ਵੱਲੋਂ ਵਰਤੀਆਂ ਗਈਆਂ 5 ਬੰਦੂਕਾਂ ਬਰਮਾਦ ਕੀਤੀਆਂ ਗਈਆਂ, ਚਾਰ ਬ੍ਰੈਕੇਨਰੀਜ਼ ‘ਚ ਅਤੇ ਇਕ ਹੋਮਵੁੱਡ ਬ੍ਰਸ਼ਨਟਨ ‘ਚ। ਅਧਿਕਾਰੀਆਂ ਨੇ ਕਿਹਾ ਕਿ ਏਲੇਘੇਨੀ ਕਾਊਂਟੀ ਪੁਲੀਸ ਸ਼ੱਕੀ ਦੀ ਗੋਲੀਬਾਰੀ ਦੀ ਜਾਂਚ ਕਰੇਗੀ ਅਤੇ ਆਪਣੇ ਸਿੱਟਿਆਂ ਨੂੰ ਜ਼ਿਲ੍ਹਾ ਅਟਾਰਨੀ ਨੂੰ ਸੌਂਪ ਦੇਵੇਗੀ।