ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੀ ਜ਼ੀਰਾ ਸ਼ਰਾਬ ਫ਼ੈਕਟਰੀ ਤੋਂ ਧਰਨਾ ਉਠਾਉਣ ਲਈ ਪੁਲੀਸ ਨੇ ਅੱਜ ਪ੍ਰਦਰਸ਼ਨਕਾਰੀਆਂ ਤੇ ਲਾਠੀਚਾਰਜ ਕੀਤਾ। ਫ਼ੈਕਟਰੀ ਤੋਂ ਇਕ ਕਿਲੋਮੀਟਰ ਦੂਰ ਪੈਂਦੇ ਪਿੰਡ ਰਟੌਲ ਰੋਹੀ ਦੇ ਟੀ-ਪੁਆਇੰਟ ਤੇ ਖੜ੍ਹੇ ਪ੍ਰਦਰਸ਼ਨਕਾਰੀਆਂ ਉਪਰ ਪੁਲੀਸ ਨੇ ਹਲਕਾ ਬਲ ਪ੍ਰਯੋਗ ਕਰਕੇ ਕੁਝ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ ਤੇ ਕੁਝ ਨੂੰ ਉਥੋਂ ਖਦੇੜ ਦਿੱਤਾ। ਇਸ ਪੁਆਇੰਟ ਤੇ ਪੁਲੀਸ ਨੇ ਹੁਣ ਆਪਣਾ ਕਬਜ਼ਾ ਕਰ ਲਿਆ ਹੈ। ਦੂਜੇ ਪਾਸੇ ਫ਼ੈਕਟਰੀ ਦੇ ਬਾਹਰ ਲੱਗਾ ਧਰਨਾ ਅਜੇ ਵੀ ਜਾਰੀ ਹੈ ਪਰ ਉਥੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਕਾਫ਼ੀ ਘਟ ਗਈ ਹੈ। ਜਿਹੜੇ ਪ੍ਰਦਰਸ਼ਨਕਾਰੀ ਰਟੌਲ ਰੋਹੀ ਤੋਂ ਖਦੇੜੇ ਗਏ ਸਨ ਉਨ੍ਹਾਂ ‘ਚੋਂ ਕੁਝ ਖੇਤਾਂ ਵਿੱਚੋਂ ਹੋ ਕੇ ਫ਼ੈਕਟਰੀ ਦੇ ਬਾਹਰ ਲੱਗੇ ਧਰਨੇ ‘ਚ ਪਹੁੰਚਣ ‘ਚ ਸਫਲ ਹੋ ਗਏ। ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ ਹੈ। ਪ੍ਰਸ਼ਾਸਨ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪੁਆ ਕੇ ਉਥੋਂ ਪੂਰੀ ਮਰਿਆਦਾ ਨਾਲ ਗੁਰੂ ਸਾਹਿਬ ਦਾ ਸਰੂਪ ਗੁਰਦੁਆਰੇ ਭੇਜਣ ਦੀਆਂ ਤਿਆਰੀਆਂ ਵੀ ਵਿੱਢੀਆਂ ਹਨ। ਇਸ ਦੇ ਲਈ ਐੱਸ.ਡੀ.ਐੱਮ. ਜ਼ੀਰਾ ਵੱਲੋਂ ਪਿੰਡ ਦੀ ਗ੍ਰਾਮ ਪੰਚਾਇਤ ਤੇ ਗੁਰਦੁਆਰਾ ਦੇ ਗ੍ਰੰਥੀ ਨੂੰ ਬੇਅਦਬੀ ਹੋਣ ਦਾ ਡਰ ਦੱਸ ਕੇ ਚਿੱਠੀ ਲਿਖੀ ਗਈ ਹੈ। ਉਧਰ ਸੰਯੁਕਤ ਮੋਰਚਾ ਦੇ ਆਗੂਆਂ ਨੇ ਵੀ ਕਿਸਾਨ ਜਥੇਬੰਦੀਆਂ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਲਾਮਬੰਦ ਹੋਣ ਦੇ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ ਹਨ। ਫ਼ਿਲਹਾਹ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਸਥਿਤੀ ਤਣਾਅਪੂਰਣ ਬਣੀ ਹੋਈ ਹੈ। ਆਗੂਆਂ ਨੇ ਲੰਘੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜ਼ਬਰਦਸਤੀ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸਦੇ ਗੰਭੀਰ ਸਿੱਟੇ ਸਰਕਾਰ ਨੂੰ ਭੁਗਤਣੇ ਪੈਣਗੇ। ਡਿਊਟੀ ਮੈਜਿਸਟਰੇਟ ਵਜੋਂ ਤਾਇਨਾਤ ਮਾਲ ਵਿਭਾਗ ਦੇ 44 ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੇ ਨਾਲ ਹੀ 44 ਸੀਨੀਅਰ ਪੁਲੀਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਕਰੀਬ ਦੋ ਹਜ਼ਾਰ ਪੁਲੀਸ ਮੁਲਾਜ਼ਮਾਂ ਵੱਲੋਂ ਵੱਡਾ ਐਕਸ਼ਨ ਕਰਕੇ ਟੈਂਟ ਪੁੱਟਣ ਤੇ ਵੱਡੀ ਗਿਣਤੀ ‘ਚ ਧਰਨਾਕਾਰੀ ਕਿਸਾਨਾ ਨੂੰ ਹਿਰਾਸਤ ‘ਚ ਲੈਣ ਦੀ ਵੱਡੀ ਕਾਰਵਾਈ ਕੀਤੀ ਗਈ ਹੈ। ਉਥੇ ਪਿਆ ਬਾਕੀ ਸਾਮਾਨ ਵੀ ਕਬਜ਼ੇ ‘ਚ ਲਿਆ ਹੈ। ਇਸ ਐਕਸ਼ਨ ਤੋਂ ਬਾਅਦ ਧਰਨਾਕਾਰੀ ਕਿਸਾਨਾਂ ਨੇ ਹਾਈਵੇਅ ਜਾਮ ਕਰ ਦਿੱਤਾ ਪੁਲੀਸ ਨੇ ਬਲ ਦਾ ਪ੍ਰਯੋਗ ਕਰਦੇ ਹੋਏ ਹਾਈਵੇਅ ਖਾਲੀ ਕਰਵਾ ਲਿਆ। ਇਸ ਮੌਕੇ ਪੁਲੀਸ ਨੇ ਕੁਝ ਧਰਨਕਾਰੀ ਔਰਤਾਂ ਨੂੰ ਵੀ ਹਿਰਾਸਤ ‘ਚ ਲਿਆ ਹੈ। ਓਧਰ ਇਕ ਸੌ ਤੋਂ ਵਧੇਰੇ ਲੋਕਾਂ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਧਰਨੇ ਵਾਲੀ ਥਾਂ ਪੁੱਜੇ ਅਤੇ ਧਰਨਾਕਾਰੀਆਂ ਨੂੰ ਮਨਾਉਣ ਲਈ ਹਰ ਕੋਸ਼ਿਸ਼ ਕੀਤੀ। ਪਿੰਡ ਮਨਸੂਰਵਾਲ ਕਲਾਂ ‘ਚ ਮਾਲਬਰੋਜ਼ ਸ਼ਰਾਬ ਫ਼ੈਕਟਰੀ ਦੇ ਮਾਮਲੇ ‘ਤੇ ਪੰਜਾਬ ਸਰਕਾਰ ਅਤੇ ਸੰਯੁਕਤ ਮੋਰਚੇ ਵਿਚਾਲੇ ਪੇਚਾ ਪੈ ਗਿਆ ਹੈ। ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਫ਼ੇਲ੍ਹ ਹੋਣ ਤੋਂ ਬਾਅਦ ਪੁਲੀਸ ਨੇ ਕਿਸਾਨਾਂ ਖ਼ਿਲਾਫ਼ ਪਰਚਾ ਦਰਜ ਕਰ ਲਿਆ ਹੈ। ਇਹ ਕੇਸ ਅੱਜ ਦੇਰ ਸ਼ਾਮ ਥਾਣਾ ਸਦਰ ਜ਼ੀਰਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਕੀਤਾ ਗਿਆ ਹੈ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਧਰਨੇ ਵਾਲੀ ਥਾਂ ‘ਤੇ ਪੁੱਜ ਕੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਸਰਕਾਰ ਲੋਕ ਹਿਤਾਂ ਦੇ ਉਲਟ ਕੋਈ ਫ਼ੈਸਲਾ ਨਹੀਂ ਲਵੇਗੀ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਇਸ ਲਈ ਕਿਸਾਨ ਆਪਣਾ ਧਰਨਾ ਫੈਕਟਰੀ ਤੋਂ 300 ਮੀਟਰ ਦੀ ਦੂਰੀ ਲਾ ਲੈਣ ਪਰ ਕਿਸਾਨ ਆਗੂਆਂ ਨੇ ਮੰਤਰੀ ਨੂੰ ਸਪੱਸ਼ਟ ਕੀਤਾ ਕਿ ਜਦੋਂ ਤੱਕ ਫ਼ੈਕਟਰੀ ਬੰਦ ਨਹੀਂ ਹੁੰਦੀ ਉਹ ਆਪਣੇ ਸੰਘਰਸ਼ ਇਸੇ ਤਰ੍ਹਾਂ ਜਾਰੀ ਰੱਖਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਇਲਾਕੇ ਦੀ ਮਿੱਟੀ, ਪਾਣੀ ਤੇ ਹਵਾ ਨੂੰ ਬਚਾਉਣ ਲਈ ਉਨ੍ਹਾਂ ਦੀ ਇਹ ਜੰਗ ਜਾਰੀ ਰਹੇਗੀ। ਧਾਲੀਵਾਲ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਹਰ ਪੱਖ ਤੋਂ ਉਨ੍ਹਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ 2006 ‘ਚ ਲੱਗੀ ਇਸ ਫ਼ੈਕਟਰੀ ਦੀ ਮੁੱਢੋਂ ਜਾਂਚ ਕਰਵਾਈ ਜਾਵੇਗੀ ਤੇ ਜੇਕਰ ਇਹ ਫ਼ੈਕਟਰੀ ਗ਼ਲਤ ਢੰਗ ਨਾਲ ਲਾਈ ਗਈ ਹੈ ਤਾਂ ਸਾਰੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਇਹ ਭਰੋਸਾ ਦੇ ਰਹੇ ਹਨ ਤੇ ਕਿਸੇ ਵੀ ਕੀਮਤ ‘ਤੇ ਉਹ ਇਸ ਨੂੰ ਪੂਰਾ ਕਰਨਗੇ, ਪਰ ਧਰਨਾਕਾਰੀਆਂ ਵੱਲੋਂ ਉਨ੍ਹਾਂ ਦੀ ਹਰ ਪੇਸ਼ਕਸ਼ ਨੂੰ ਠੁਕਰਾ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਭਰੋਸਾ ਸਰਕਾਰ ਵੱਲੋਂ ਬਰਗਾੜੀ ਤੇ ਬਹਿਬਲ ਕਲਾਂ ਮੋਰਚੇ ਵੇਲੇ ਵੀ ਦਿੱਤਾ ਗਿਆ ਸੀ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਜਬਰੀ ਇਸ ਧਰਨੇ ‘ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਗੰਭੀਰ ਸਿੱਟੇ ਸਰਕਾਰ ਨੂੰ ਭੁਗਤਣੇ ਪੈਣਗੇ।