ਪਿੰਡ ਗੁਰਦਾਸ ਨੰਗਲ ਦਾ ਜਸਵਿੰਦਰ ਸਿੰਘ ਪੁਲੀਸ ਦੀ ਕਾਰਗੁਜ਼ਾਰੀ ਤੋਂ ਇੰਨਾ ਦੁਖੀ ਹੋਇਆ ਕਿ ਉਹ ‘ਸਬਕ’ ਸਿਖਾਉਣ ਲਈ ਥਾਣੇ ਦੇ ਗੇਟ ‘ਤੇ ਸੰਤਰੀ ਦੀ ਡਿਊਟੀ ਦੇ ਰਹੇ ਹੋਮਗਾਰਡ ਮੁਲਾਜ਼ਮ ਕੋਲੋਂ ਐੱਸ.ਐੱਲ.ਆਰ. ਤੇ ਕਾਰਤੂਸ ਖੋਹ ਕੇ ਫਰਾਰ ਹੋ ਗਿਆ ਜਿਸ ਨਾਲ ਪੁਲੀਸ ਨੂੰ ਭਾਜੜਾਂ ਪੈ ਗਈਆਂ। ਨੌਜਵਾਨ ਬਾਅਦ ‘ਚ ਫੇਸਬੁਕ ‘ਤੇ ਲਾਈਵ ਹੋ ਗਿਆ ਅਤੇ ਉਸ ਨੇ ਪੁਲੀਸ ਦੀ ਇਕ ਮਾਮਲੇ ‘ਚ ਕਾਰਗੁਜ਼ਾਰੀ ਬਿਆਨ ਕੀਤੀ। ਉਸ ਨੇ ਕਿਹਾ ਕਿ ਪੁਲੀਸ ਹਮਲਾਵਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਉਸ ਨੂੰ ਹੀ ਪਰਚਾ ਦਰਜ ਕਰਨ ਦਾ ਦਾਬਾ ਦੇ ਰਹੀ ਹੈ। ਲਾਈਵ ‘ਚ ਉਸ ਨੇ ਖੋਹੀ ਹੀ ਰਾਈਫਲ ਨਾਲ ਹੀ ਸਬਕ ਸਿਖਾਉਣ ਦੀ ਗੱਲ ਆਖੀ। ਪੁਲੀਸ ਨੇ ਇਸ ਲਾਈਵ ਰਾਹੀਂ ਨੌਜਵਾਨ ਦੀ ਲੋਕੇਸ਼ਨ ਭਾਲ ਲਈ ਪਰ ਉਹ ਕਮਰੇ ਅੰਦਰੋਂ ਬਾਹਰ ਆਉਣ ਨੂੰ ਤਿਆਰ ਨਹੀਂ ਸੀ ਹੋ ਰਿਹਾ। ਅਖੀਰ ਦੋ ਘੰਟੇ ਦੀ ਜੱਦੋਜਹਿਦ ਮਗਰੋਂ ਉਹ ਬਾਹਰ ਆਇਆ। ਥਾਣਾ ਧਾਰੀਵਾਲ ਦੇ ਮੁਖੀ ਸਰਬਜੀਤ ਸਿੰਘ ਨੇ ਦੱਸਿਆ ਕਿ ਇਕ ਕਾਰ ‘ਚ ਆਏ ਨੌਜਵਾਨ ਜਸਵਿੰਦਰ ਸਿੰਘ ਪੁੱਤਰ ਰਾਜਿੰਦਰ ਸਿੰਘ ਨੇ ਥਾਣਾ ਧਾਰੀਵਾਲ ‘ਚ ਆ ਕੇ ਸਵੇਰੇ ਲਗਪਗ ਸਾਢੇ ਅੱਠ ਵਜੇ ਗੇਟ ‘ਤੇ ਸੰਤਰੀ ਦੀ ਡਿਊਟੀ ਦੇ ਰਹੇ ਪੰਜਾਬ ਹੋਮ ਗਾਰਡ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਨੂੰ ਗੱਲਾਂ ‘ਚ ਉਲਝਾ ਲਿਆ ਤੇ ਉਸ ਕੋਲੋਂ ਰਾਈਫਲ ਖੋਹ ਕੇ ਫਰਾਰ ਹੋ ਗਿਆ। ਉਕਤ ਨੌਜਵਾਨ ਨੇ ਇਸ ਮਗਰੋਂ ਖੁਦ ਫੇਸਬੁੱਕ ‘ਤੇ ਲਾਈਵ ਹੋ ਕੇ ਜਾਣਕਾਰੀ ਦਿੱਤੀ ਕਿ ਉਸ ਨੇ ਪੁਲੀਸ ਤੋਂ ਤੰਗ ਆ ਕੇ ਇਹ ਕੰਮ ਕੀਤਾ ਹੈ। ਇਸ ਘਟਨਾ ਦੀ ਲਾਈਵ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਫੈਲ ਗਈ। ਇਸ ਨੌਜਵਾਨ ਨੇ ਦੱਸਿਆ ਕਿ ਕਰੀਬ ਡੇਢ ਮਹੀਨੇ ਪਹਿਲਾਂ ਕੁਝ ਵਿਅਕਤੀਆਂ ਨੇ ਉਸ ਦੇ ਘਰ ਉੱਪਰ ਹਮਲਾ ਕੀਤਾ ਸੀ, ਜਿਸ ਸਬੰਧੀ ਥਾਣਾ ਧਾਰੀਵਾਲ ‘ਚ ਗੇੜੇ ਮਾਰਨ ਦੇ ਬਾਵਜੂਦ ਪੁਲੀਸ ਨੇ ਉਨ੍ਹਾਂ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਥਾਂ ਕਥਿਤ ਤੌਰ ‘ਤੇ ਉਸ ਨੂੰ ਹੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਸ ‘ਤੇ ਵੀ ਪਰਚਾ ਦਰਜ ਹੋ ਸਕਦਾ ਹੈ। ਇਸ ਕਰਕੇ ਉਸ ਨੇ ਇਹ ਕਦਮ ਚੁੱਕਿਆ ਹੈ। ਬਾਅਦ ‘ਚ ਉਹ ਪਿੰਡ ਕੋਟ ਧੰਦਲ ਦੇ ਬਾਹਰਵਾਰ ਟਿਊਬਵੈੱਲ ‘ਤੇ ਬਣੇ ਕਮਰੇ ‘ਚ ਮਿਲਿਆ ਅਤੇ ਪੁਲੀਸ ਨੇ ਨੌਜਵਾਨ ਨੂੰ ਰਾਈਫਲ ਤੇ ਮੈਗਜ਼ੀਨ ਸਣੇ ਕਾਬੂ ਕਰ ਲਿਆ। ਪੁਲੀਸ ਨੇ ਬਾਅਦ ‘ਚ ਕਿਹਾ ਕਿ ਨੌਜਵਾਨ ਡਿਪਰੈਸ਼ਨ ਦਾ ਸ਼ਿਕਾਰ ਹੈ ਜਿਸ ਕਰਕੇ ਉਸ ਨੇ ਅਜਿਹੀ ਹਰਕਤ ਕੀਤੀ।