ਫਰੀਦਕੋਟ ਦੇ ਗੋਦਾਮਾਂ ‘ਚ ਪੱਲੇਦਾਰੀ ਦਾ ਕੰਮ ਕਰਨ ਲਈ ਮਜ਼ਬੂਰ ਪੰਜਾਬ ਦੇ ਸਾਬਕਾ ਹਾਕੀ ਖਿਡਾਰੀ ਪਰਮਜੀਤ ਕੁਮਾਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਹਾਕੀ ਦੇ ਕੋਚ ਵਜੋਂ ਭਰਤੀ ਕਰਨ ਦਾ ਭਰੋਸਾ ਦਿੱਤਾ ਹੈ। ਹੁਣ ਉਹ ਖਿਡਾਰੀਆਂ ਨੂੰ ਕੋਚਿੰਗ ਦੇਣਗੇ। ਪਰਮਜੀਤ ਦੀ ਆਰਥਿਕ ਹਾਲਤ ਬਾਰੇ ਮੀਡੀਆ ‘ਚ ਨਸ਼ਰ ਹੋਈਆਂ ਖ਼ਬਰਾਂ ਤੋਂ ਬਾਅਦ ਨੋਟਿਸ ਲੈਂਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਮਜੀਤ ਨਾਲ ਚੰਡੀਗੜ੍ਹ ‘ਚ ਮੁਲਾਕਾਤ ਕੀਤੀ ਅਤੇ ਉਸ ਨੂੰ ਹੌਸਲਾ ਦਿੰਦਿਆਂ ਹਾਕੀ ਕੋਚ ਨਿਯੁਕਤ ਕੀਤਾ। ਪਰਮਜੀਤ ਹੁਣ ਪੰਜਾਬ ਦੇ ਖਿਡਾਰੀਆਂ ਨੂੰ ਹਾਕੀ ਦੀ ਕੋਚਿੰਗ ਦੇਣਗੇ। ਨੌਕਰੀ ਮਿਲਣ ‘ਤੇ ਪਰਮਜੀਤ ਦੇ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵੀ ਪਰਮਜੀਤ ਨੂੰ ਨੌਕਰੀ ਦੇਣ ਬਾਰੇ ਟਵੀਟ ਕੀਤਾ ਹੈ। ਦੱਸਦੇਈਏ ਕਿ ਪਰਿਵਾਰ ਦੇ ਪਾਲਣ-ਪੋਸ਼ਣ ਲਈ ਪਰਮਜੀਤ ਚੌਲਾਂ ਦੀਆਂ ਬੋਰੀਆਂ ਢੋਹਣ ਲਈ ਮਜਬੂਰ ਸਨ। ਆਲਮ ਇਹ ਸੀ ਕਿ ਇਸ ਖਿਡਾਰੀ ਨੂੰ ਇਕ ਬੋਰੀ ਲੋਡਿੰਗ-ਅਨਲੋਡਿੰਗ ਦੇ ਸਿਰਫ਼ 1.25 ਰੁਪਏ ਮਿਲਦੇ ਸਨ। ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਪਰਮਜੀਤ ਰੋਜ਼ਾਨਾ 450 ਬਾਰਦਾਨੇ ਦੀ ਲੋਡ-ਅਨਲੋਡ ਕਰਦਾ ਸੀ। ਉਸ ਨੂੰ ਭਾਰਤੀ ਟੀਮ ਦੇ ਪਹਿਰਾਵੇ ‘ਚ ਪੱਲੇਦਾਰੀ ਕਰਦੇ ਦੇਖ ਲੋਕ ਵੀ ਹੈਰਾਨ ਸਨ।