ਕਤਰ ‘ਚ ਹੋਰ ਫੀਫਾ ਵਰਲਡ ਕੱਪ ਦੇ ਇਕ ਮੈਚ ‘ਚ ਰੋਬਰਟ ਲੇਵਾਂਡੋਵਸਕੀ ਦੇ ਗੋਲ ਦੀ ਬਦੌਲਤ ਪੋਲੈਂਡ ਨੇ ਸਾਊਦੀ ਅਰਬ ਨੂੰ 2-0 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਪੋਲੈਂਡ ਦੀਆਂ ਨਾਕਆਊਟ ਗੇੜ ‘ਚ ਪਹੁੰਚਣ ਦੀਆਂ ਉਮੀਦਾਂ ਵਧ ਗਈਆਂ ਹਨ। ਲੋਵਾਂਡੋਵਸਕੀ ਨੇ 82ਵੇਂ ਮਿੰਟ ‘ਚ ਗੋਲ ਕੀਤਾ ਜਿਸ ਮਗਰੋਂ ਉਸ ਦੀਆਂ ਅੱਖਾਂ ਭਰ ਆਈਆਂ। ਉਹ ਬਾਹਾਂ ਖੋਲ੍ਹ ਕੇ ਕਿਨਾਰੇ ‘ਤੇ ਬੈਠ ਗਿਆ। ਇਸ ਦੌਰਾਨ ਉਸ ਦੇ ਸਾਥੀਆਂ ਨੇ ਉਸ ਨੂੰ ਵਧਾਈ ਦਿੱਤੀ। ਦੁਨੀਆ ਦੇ ਸਭ ਤੋਂ ਵਧੀਆ ਫਾਰਵਰਡ ਖਿਡਾਰੀਆਂ ‘ਚੋਂ ਇਕ ਲੇਵਾਂਡੋਵਸਕੀ ਨੇ 40ਵੇਂ ਮਿੰਟ ‘ਚ ਪਹਿਲਾ ਗੋਲ ਕਰਨ ‘ਚ ਵੀ ਮਦਦ ਕੀਤੀ, ਜਿਸ ਨੂੰ ਆਖਰੀ ਛੋਹ ਪੀਓਟਰ ਜ਼ਿਲਿੰਸਕੀ ਨੇ ਦਿੱਤੀ। ਸਾਊਦੀ ਅਰਬ ਨੂੰ ਮੈਚ ਦੇ ਪਹਿਲੇ ਹਾਫ ਦੇ ਅੰਤ ‘ਚ ਬਰਾਬਰੀ ਕਰਨ ਦਾ ਮੌਕਾ ਮਿਲਿਆ ਪਰ ਪੋਲੈਂਡ ਦੇ ਗੋਲਕੀਪਰ ਵੋਜਸਿਚ ਐੱਸ ਨੇ ਸਲੇਮ ਅਲ-ਦਾਸਾਰੀ ਦੀ ਪੈਨਲਟੀ ਕਿੱਕ ‘ਤੇ ਗੋਲ ਨਹੀਂ ਹੋਣ ਦਿੱਤਾ। ਉਸ ਨੇ ਰਿਬਾਊਂਡ ‘ਤੇ ਮੁਹੰਮਦ ਅਲ-ਬੁਰਾਇਕ ਦਾ ਸ਼ਾਟ ਵੀ ਰੋਕਿਆ। ਗਰੁੱਪ ਸੀ ਦੇ ਆਖਰੀ ਮੈਚ ‘ਚ ਪੋਲੈਂਡ ਦਾ ਸਾਹਮਣਾ ਅਰਜਨਟੀਨਾ ਨਾਲ ਹੋਵੇਗਾ ਜਦਕਿ ਸਾਊਦੀ ਅਰਬ ਦੇ ਸਾਹਮਣੇ ਮੈਕਸੀਕੋ ਹੋਵੇਗਾ।
ਇਕ ਹੋਰ ਮੈਚ ‘ਚ ਅਰਜਨਟੀਨਾ ਨੇ ਮੈਕਸੀਕੋ ਨੂੰ 2-0 ਨਾਲ ਹਰਾ ਦਿੱਤਾ। ਇਸ ਨਾਲ ਅਰਜਨਟੀਨਾ ਨੇ ਨਾਕਆਊਟ ਪੜਾਅ ਲਈ ਆਪਣਾ ਦਾਅਵਾ ਬਰਕਰਾਰ ਰੱਖਿਆ। ਮੈਕਸੀਕੋ ਪਿਛਲੇ 11 ਮੈਚਾਂ ‘ਚ ਅਰਜਨਟੀਨਾ ਤੋਂ ਹਾਰਦਾ ਰਿਹਾ ਹੈ ਅਤੇ ਇਸ ਮੈਚ ‘ਚ ਵੀ ਉਹ ਅਰਜਨਟੀਨਾ ਖ਼ਿਲਾਫ਼ ਹਾਰ ਦਾ ਸਿਲਸਿਲਾ ਨਹੀਂ ਤੋੜ ਸਕਿਆ। ਮੈਚ ਦੇ ਪਹਿਲੇ ਅੱਧ ‘ਚ ਦੋਵਾਂ ਟੀਮਾਂ ਨੂੰ ਮੌਕੇ ਮਿਲੇ ਪਰ ਕੋਈ ਵੀ ਟੀਮ ਇਨ੍ਹਾਂ ਮੌਕਿਆਂ ਦਾ ਫਾਇਦਾ ਨਹੀਂ ਉਠਾ ਸਕੀ। ਮੈਕਸੀਕੋ ਟੀਮ ਦੇ ਡਿਫੈਂਡਰਾਂ ਨੇ ਅਰਜਨਟੀਨਾ ਦੇ ਸਟਾਰ ਸਟ੍ਰਾਈਕਰ ਲਿਓਨਿਲ ਮੇਸੀ ਨੂੰ ਪਹਿਲੇ ਹਾਫ ‘ਚ ਗੋਲ ਕਰਨ ਦਾ ਇਕ ਵੀ ਮੌਕਾ ਨਹੀਂ ਦਿੱਤਾ। ਹਾਲਾਂਕਿ ਦੂਜੇ ਹਾਫ ‘ਚ ਮੈਕਸੀਕੋ ਅਰਜਨਟੀਨਾ ਨੂੰ ਜ਼ਿਆਦਾ ਦੇਰ ਤੱਕ ਨਹੀਂ ਰੋਕ ਸਕਿਆ। ਮੈਚ ਦੇ 64ਵੇਂ ਮਿੰਟ ‘ਚ ਮੇਸੀ ਨੇ ਮੈਕਸੀਕੋ ਦੇ ਡਿਫੈਂਡਰਾਂ ਨੂੰ ਚਕਮਾ ਦੇ ਕੇ ਪਹਿਲਾ ਗੋਲ ਕੀਤਾ ਅਤੇ ਅਰਜਨਟੀਨਾ ਦਾ ਸਕੋਰ 1-0 ਕਰ ਦਿੱਤਾ। ਇਸ ਦੇ ਨਾਲ ਹੀ ਐਨਜ਼ੋ ਫਰਨਾਂਡੀਜ਼ ਨੇ ਮੈਚ ਦੇ 87ਵੇਂ ਮਿੰਟ ‘ਚ ਇਕ ਹੋਰ ਗੋਲ ਕਰਕੇ ਲੀਡ ਨੂੰ ਦੁੱਗਣਾ ਕਰ ਦਿੱਤਾ। ਮੈਚ ਦੇ ਅੰਤ ਤੱਕ ਮੈਕਸੀਕੋ ਕੋਈ ਗੋਲ ਨਹੀਂ ਕਰ ਸਕਿਆ ਅਤੇ ਅਰਜਨਟੀਨਾ ਨੇ ਇਹ ਮੈਚ 2-0 ਨਾਲ ਜਿੱਤ ਲਿਆ।
ਪੋਲੈਂਡ ਨੇ ਸਾਊਦੀ ਅਰਬ ਨੂੰ ਅਤੇ ਅਰਜਨਟੀਨਾ ਨੇ ਮੈਕਸੀਕੋ ਨੂੰ 2-0 ਨਾਲ ਹਰਾਇਆ
Related Posts
Add A Comment