ਮੋਗਾ ਨਾਲ ਸਬੰਧਤ ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਨਾਂ ਹੁਣ ਤੱਕ ਕਈ ਰਿਕਾਰਡ ਦਰਜ ਹੋ ਗਏ ਹਨ। ਹੁਣ ਉਸਨੇ ਇਕ ਅਹਿਮ ਪ੍ਰਾਪਤੀ ਹਾਸਲ ਕੀਤੀ ਹੈ। ਹਰਮਨਪ੍ਰੀਤ ਕੌਰ ਨੂੰ ਇੰਗਲੈਂਡ ਦੇ ਖ਼ਿਲਾਫ਼ ਵਨਡੇ ਸੀਰੀਜ਼ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਕਾਰਨ ਸਤੰਬਰ ਮਹੀਨੇ ਦੀ ਮਹਿਲਾ ਪਲੇਅਰ ਆਫ ਦਿ ਮੰਥ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਨੇ ਇਹ ਜਾਣਕਾਰੀ ਦਿੱਤੀ। ਹਰਮਨਪ੍ਰੀਤ ਇਹ ਐਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਹੈ। ਉਸ ਨੇ ਆਪਣੀ ਹਮਵਤਨ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਅਤੇ ਬੰਗਲਾਦੇਸ਼ ਦੀ ਕਪਤਾਨ ਨਿਗਾਰ ਸੁਲਤਾਨਾ ਨੂੰ ਹਰਾ ਕੇ ਇਹ ਖ਼ਿਤਾਬ ਜਿੱਤਿਆ। ਹਰਮਨਪ੍ਰੀਤ ਨੇ ਪੁਰਸਕਾਰ ਪ੍ਰਾਪਤ ਕਰਨ ‘ਤੇ ਕਿਹਾ, ‘ਐਵਾਰਡ ਲਈ ਨਾਮਜ਼ਦ ਹੋਣਾ ਬਹੁਤ ਚੰਗਾ ਸੀ ਅਤੇ ਇਸ ਨੂੰ ਜਿੱਤਣਾ ਇਕ ਸ਼ਾਨਦਾਰ ਅਹਿਸਾਸ ਹੈ। ਸਮ੍ਰਿਤੀ ਤੇ ਨਿਗਾਰ ਨਾਲ ਨਾਮਜ਼ਦ ਹੋਣ ਤੋਂ ਬਾਅਦ ਜੇਤੂ ਬਣਨਾ ਇਕ ਨਿਮਰ ਤਜਰਬਾ ਹੈ।’ ਹਰਮਨਪ੍ਰੀਤ ਦੀ ਕਪਤਾਨੀ ‘ਚ ਇੰਡੀਆ ਨੇ 23 ਸਾਲ ਬਾਅਦ ਇੰਗਲੈਂਡ ‘ਚ ਸੀਰੀਜ਼ ਜਿੱਤੀ ਅਤੇ ਮੇਜ਼ਬਾਨ ਟੀਮ ਨੂੰ ਵਨਡੇ ਸੀਰੀਜ਼ ‘ਚ 3-0 ਨਾਲ ਕਲੀਨ ਸਵੀਪ ਕੀਤਾ। ਹਰਮਨਪ੍ਰੀਤ ਨੇ ਦੂਜੇ ਮੈਚ ‘ਚ 111 ਗੇਂਦਾਂ ‘ਚ 143 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਇੰਡੀਆ ਨੂੰ ਲੜੀ ‘ਚ 2-0 ਦੀ ਅਜੇਤੂ ਬੜ੍ਹਤ ਬਣਾਉਣ ‘ਚ ਮਦਦ ਕੀਤੀ। ਹਰਮਨਪ੍ਰੀਤ ਨੇ ਕਿਹਾ, ‘ਮੈਂ ਹਮੇਸ਼ਾ ਆਪਣੇ ਦੇਸ਼ ਦੀ ਨੁਮਾਇੰਦਗੀ ਕਰਦਿਆਂ ਬਹੁਤ ਮਾਣ ਮਹਿਸੂਸ ਕੀਤਾ ਹੈ ਅਤੇ ਇੰਗਲੈਂਡ ‘ਚ ਇਤਿਹਾਸਕ ਵਨਡੇ ਸੀਰੀਜ਼ ਜਿੱਤਣਾ ਮੇਰੇ ਕਰੀਅਰ ਦਾ ਸ਼ਾਨਦਾਰ ਪਲ ਰਹੇਗਾ।’ ਉਸ ਨੇ ਕਿਹਾ, ‘ਇਹ ਕ੍ਰਿਕਟ ਦੀ ਖ਼ੁਸ਼ਨਸੀਬੀ ਹੈ ਕਿ ਉਸ ਕੋਲ ਦੁਨੀਆ ਦੇ ਕੁਝ ਸਰਵੋਤਮ ਖਿਡਾਰੀ ਹਨ ਅਤੇ ਉਨ੍ਹਾਂ ਵਿੱਚੋਂ ਆਈ.ਸੀ.ਸੀ. ਮਹਿਲਾ ਪਲੇਅਰ ਆਫ ਦਿ ਮੰਥ ਚੁਣਿਆ ਜਾਣਾ ਮੇਰੇ ਲਈ ਨਿੱਜੀ ਤੌਰ ‘ਤੇ ਅਤੇ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਦੇ ਤੌਰ ‘ਤੇ ਵਿਸ਼ੇਸ਼ ਉਪਲੱਬਧੀ ਹੈ।’