ਪੈਰਾਲੰਪਿਕ ਤਗ਼ਮਾ ਜੇਤੂ ਸਿੰਘਰਾਜ ਅਧਾਨਾ ਨੇ ਪੈਰਾ ਸ਼ੂਟਿੰਗ ਵਰਲਡ ਕੱਪ ਦੇ ਆਖ਼ਰੀ ਦਿਨ ਦੋ ਸੋਨ ਤਗ਼ਮੇ ਜਿੱਤੇ ਜਿਸ ਨਾਲ ਇੰਡੀਆ ਨੇ ਇਸ ਟੂਰਨਾਮੈਂਟ ’ਚ ਕੁੱਲ 10 ਤਗ਼ਮੇ ਜਿੱਤ ਕੇ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ। ਸਿੰਘਰਾਜ ਦੇ ਦੋ ਤਗ਼ਮਿਆਂ ਨਾਲ ਇੰਡੀਆ ਸੂਚੀ ’ਚ ਸਿਖ਼ਰ ’ਤੇ ਪਹੁੰਚ ਗਿਆ, ਜੋ ਦੇਸ਼ ਦਾ ਇਸ ਟੂਰਨਾਮੈਂਟ ’ਚ 2017 ’ਚ ਪਹਿਲੀ ਵਾਰ ਹਿੱਸਾ ਲੈਣ ਦੇ ਬਾਅਦ ਸਰਵੋਤਮ ਪ੍ਰਦਰਸ਼ਨ ਹੈ। ਇੰਡੀਆ ਨੇ 6 ਸੋਨ, ਤਿੰਨ ਚਾਂਦੀ ਅਤੇ ਇਕ ਕਾਂਸੀ ਦਾ ਤਗ਼ਮਾ ਜਿੱਤਿਆ। ਮੁਕਾਬਲੇ ਦੇ ਆਖ਼ਰੀ ਦਿਨ ਟੋਕੀਓ ਪੈਰਾਲੰਪਿਕ ਚਾਂਦੀ ਤਗ਼ਮਾ ਜੇਤੂ ਸਿੰਘਰਾਜ ਨੇ 224.1 ਦੇ ਅੰਕ ਨਾਲ ਸੋਨ ਤਗ਼ਮਾ ਜਿੱਤਿਆ। ਯੂਕਰੇਨ ਦੇ ਓਲੇਕਸੀ ਡੇਨਿਸਿਯੂਕ (216.2 ਅੰਕ) ਨੇ ਚਾਂਦੀ ਅਤੇ ਕੋਰੀਆ ਦੇ ਜਿਓਂਗਦੂ ਜੋ (193.9 ਅੰਕ) ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਵਿਅਕਤੀਗਤ ਮੁਕਾਬਲੇ ਤੋਂ ਪਹਿਲਾਂ ਸਿੰਘਰਾਜ ਨੇ ਹਮਵਤਨ ਦੀਪੇਂਦਰ ਸਿੰਘ ਅਤੇ ਮਨੀਸ਼ ਨਰਵਾਲ ਦੇ ਨਾਲ ਮਿਲ ਕੇ ਟੀਮ ਮੁਕਾਬਲੇ ਦਾ ਸੋਨ ਤਗ਼ਮਾ ਜਿੱਤਿਆ। ਸਿੰਘਰਾਜ ਨੇ ਬਿਆਨ ’ਚ ਕਿਹਾ, ‘ਮੈਂ ਖੁਸ਼ ਹਾਂ ਕਿ ਆਖ਼ਰਕਾਰ ਮੈਂ ਇਸ ਮੁਕਾਬਲੇ ’ਚ ਸੋਨ ਤਗ਼ਮਾ ਜਿੱਤਣ ’ਚ ਕਾਮਯਾਬ ਰਿਹਾ। ਮੈਂ ਫਰਾਂਸ ’ਚ ਚਾਟੀਯੂਰੋਕਸ 2022 ’ਚ ਸੋਨ ਤਗ਼ਮਾ ਜਿੱਤਣਾ ਚਾਹੁੰਦਾ ਸੀ ਪਰ ਤਕਨੀਕੀ ਖਾਮੀਆਂ ਕਾਰਨ ਅਜਿਹਾ ਨਹੀਂ ਕਰ ਸਕਿਆ। ਮੈਨੂੰ ਖੁਸ਼ੀ ਹੈ ਕਿ ਮਿਊਨਿਖ ’ਚ ਯੋਜਨਾ ਅਨੁਸਾਰ ਖੇਡ ਸਕਿਆ। ਮੈਂ ਆਪਣੀ ਸਫ਼ਲਤਾ ਲਈ ਆਪਣੇ ਕੋਚਾਂ ਦਾ ਧੰਨਵਾਦ ਕਰਨਾ ਚਾਹਾਂਗਾ।’ ਭਾਰਤੀ ਪੈਰਾ ਸ਼ੂਟਿੰਗ ਟੀਮ ਹੁਣ ਨਵੰਬਰ ’ਚ ਸੰਯੁਕਤ ਅਰਬ ਅਮੀਰਾਤ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ’ਚ ਹਿੱਸਾ ਲਵੇਗੀ।