ਫਰਾਂਸ ਦੇ ਵਿਵਾਦਪੂਰਨ ਪੈਨਸ਼ਨ ਸੁਧਾਰ ਨੂੰ ਲੈ ਕੇ ਪੈਰਿਸ ‘ਚ ਲਗਾਤਾਰ ਪ੍ਰਦਰਸ਼ਨ ਜਾਰੀ ਹਨ ਅਤੇ ਗੁੱਸੇ ‘ਚ ਆਏ ਵਿਖਾਵਾਕਾਰੀਆਂ ਦੀ ਵੱਡੀ ਭੀੜ ਨੂੰ ਖਿੰਡਾਉਣ ਲਈ ਪੁਲੀਸ ਨੇ ਲਾਠੀਚਾਰਜ ਕੀਤਾ। ਲਾਠੀਚਾਰਜ ਤੋਂ ਇਲਾਵਾ ਅੱਥਰੂ ਗੈਸ ਤੇ ਸਟਨ ਗ੍ਰਨੇਡ ਦੀ ਵਰਤੋਂ ਕੀਤੀ ਗਈ। ਸੀ.ਜੀ.ਟੀ. ਟ੍ਰੇਡ ਯੂਨੀਅਨ ਮੁਤਾਬਕ ਸਰਕਾਰ ਦੀ ਸੇਵਾਮੁਕਤੀ ਦੀ ਉਮਰ 62 ਤੋਂ ਵਧਾ ਕੇ 64 ਕਰਨ ਦੀ ਯੋਜਨਾ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਦੇ 12ਵੇਂ ਦਿਨ ਹਜ਼ਾਰਾਂ ਲੋਕਾਂ ਨੇ ਫਰਾਂਸ ਦੀ ਰਾਜਧਾਨੀ ‘ਚ ਮਾਰਚ ਕੀਤਾ। ਪੁਲੀਸ ਨੇ ਵਿਖਾਵਾਕਾਰੀਆਂ ਦੀ ਗਿਣਤੀ 57,000 ਤੋਂ ਜ਼ਿਆਦਾ ਦੱਸੀ ਹੈ। ਇਥੇ ਸ਼ਾਮ ਪੈਂਦਿਆਂ ਹੀ ਵੱਡੀ ਗਿਣਤੀ ‘ਚ ਵਿਖਾਵਾਕਾਰੀ ਮੱਧ ਪੈਰਿਸ ਦੇ ਪਲੇਸ ਡੀ ਇਟਲੀ ਚੌਕ ‘ਚ ਇਕੱਠੇ ਹੋ ਗਏ। ਇਸ ਦੌਰਾਨ ਕੁਝ ਲੋਕਾਂ ਵੱਲੋਂ ਗੈਸ ਕੰਟੇਨਰਾਂ ‘ਚ ਅੱਗ ਲਗਾਉਣ ਤੋਂ ਬਾਅਦ ਹਿੰਸਾ ਭੜਕ ਗਈ ਅਤੇ ਪੁਲੀਸ ਹਰਕਤ ‘ਚ ਆ ਗਈ। 13 ਅਪ੍ਰੈਲ ਨੂੰ ਮੁਜ਼ਾਹਰੇ ਦੇ ਸੱਦੇ ਨਾਲ ਸ਼ਾਮ 7 ਵਜੇ ਦੇ ਕਰੀਬ ਧਰਨਾ ਸਮਾਪਤ ਹੋ ਗਿਆ। ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮੈਨਿਨ ਨੇ ਕਿਹਾ ਕਿ ਦੇਸ਼ਵਿਆਪੀ ਹੜਤਾਲ ਦੌਰਾਨ ਝੜਪਾਂ ‘ਚ ਪੁਲੀਸ ਨੇ 111 ਵਿਖਾਵਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ 154 ਅਧਿਕਾਰੀ ਜ਼ਖ਼ਮੀ ਹੋਏ।