ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੈਰਿਸ ਓਲੰਪਿਕ-2024 ਦੀ ਤਿਆਰੀ ਲਈ ਅਕਾਸ਼ਦੀਪ ਸਿੰਘ ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਿਆ। ਮੀਤ ਹੇਅਰ ਨੇ ਚੰਡੀਗੜ੍ਹ ‘ਚ ਆਪਣੀ ਰਿਹਾਇਸ਼ ‘ਤੇ ਅਕਾਸ਼ਦੀਪ ਸਿੰਘ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਦੇ ਨਿਰਦੇਸ਼ਾਂ ‘ਤੇ ਖੇਡ ਮੰਤਰੀ ਨੇ ਓਲੰਪਿਕਸ ਲਈ ਕੁਆਲੀਫਾਈ ਹੋਏ ਪਹਿਲੇ ਭਾਰਤੀ ਅਥਲੀਟ ਦਾ ਸਨਮਾਨ ਕੀਤਾ। ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਖਿਡਾਰੀਆਂ ਨੂੰ ਮਾਣ-ਸਨਮਾਨ ਦੇਣ ‘ਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਅਕਾਸ਼ਦੀਪ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਦਾ ਵਿਸ਼ਵਾਸ ਦਿਵਾਇਆ। ਜ਼ਿਕਰਯੋਗ ਹੈ ਕਿ ਅਕਾਸ਼ਦੀਪ ਸਿੰਘ ਨੇ ਰਾਂਚੀ ਵਿਖੇ ਨੈਸ਼ਨਲ ਵਾਕਿੰਗ ਚੈਂਪੀਅਨਸ਼ਿਪ ‘ਚ 20 ਕਿਲੋਮੀਟਰ ਪੈਦਲ ਤੋਰ ‘ਚ 1.19.55 ਸਮੇਂ ਦੇ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਇਆ ਸੀ। ਪੈਰਿਸ ਓਲੰਪਿਕ ਖੇਡਾਂ ਲਈ ਕੁਆਲੀਫਾਈ ਹੋਣ ਵਾਲਾ ਅਕਾਸ਼ਦੀਪ ਸਿੰਘ ਪਹਿਲਾ ਭਾਰਤੀ ਅਥਲੀਟ ਤੇ ਓਵਰ ਆਲ ਚੌਥਾ ਖਿਡਾਰੀ ਬਣਿਆ। 23 ਵਰ੍ਹਿਆਂ ਦਾ ਅਕਾਸ਼ਦੀਪ ਸਿੰਘ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਾਹਨੇਕੇ ਦਾ ਰਹਿਣ ਵਾਲਾ ਹੈ। ਅਕਾਸ਼ਦੀਪ ਸਿੰਘ ਦੇ ਨਾਲ ਉਸ ਦੇ ਕੋਚ ਗੁਰਦੇਵ ਸਿੰਘ ਵੀ ਮੌਜੂਦ ਸਨ। ਉਨ੍ਹਾਂ ਤੋਂ ਇਲਾਵਾ ਖੇਡ ਡਾਇਰੈਕਟਰ ਅਮਿਤ ਤਲਵਾੜ ਵੀ ਹਾਜ਼ਰ ਸਨ।