ਪਿਛਲੇ 42 ਦਿਨਾਂ ਤੋਂ ਦਿੱਲੀ ਦੇ ਏਮਜ਼ ‘ਚ ਜ਼ੇਰੇ ਇਲਾਜ 58 ਸਾਲਾ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਬੁੱਧਵਾਰ ਨੂੰ ਦਮ ਤੋੜ ਗਏ। ਉੱਘੇ ਕਾਮਰੇਡੀਅਨ ਦੇ ਪਰਿਵਾਰ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਯਾਦ ਰਹੇ ਕਿ ਦਸ ਅਗਸਤ ਤੋਂ ਲਗਾਤਾਰ ਬੇਹੋਸ਼ ਪਏ ਰਾਜੂ ਸ਼੍ਰੀਵਾਸਤਵ ਨੂੰ ਇਕ ਮਹੀਨੇ ਬਾਅਦ ਵੀ ਹੋਸ਼ ਨਹੀਂ ਆਇਆ। ਇਸ ਨਾਲ ਡਾਕਟਰਾਂ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਲਈ ਵੀ ਚਿੰਤਾ ਵਧ ਰਹੀ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ 10 ਅਗਸਤ ਤੋਂ ਏਮਜ਼ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਰਾਜੂ ਸ਼੍ਰੀਵਾਸਤਵ ਨੂੰ 10 ਅਗਸਤ ਨੂੰ ਜਿਮ ‘ਚ ਵਰਕਆਊਟ ਕਰਦੇ ਸਮੇਂ ਦਿਲ ਦਾ ਦੌਰਾ ਪਿਆ ਸੀ। ਕਸਰਤ ਕਰਦੇ ਸਮੇਂ ਉਹ ਅਚਾਨਕ ਬੇਹੋਸ਼ ਹੋ ਗਏ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਰਾਜੂ ਸ਼੍ਰੀਵਾਸਤਵ ਨੇ ਬੁੱਧਵਾਰ ਕਰੀਬ 10.20 ਵਜੇ ਆਖਰੀ ਸਾਹ ਲਿਆ। ਗਜੋਧਰ ਭਈਆ ਨਾਂ ਹੇਠ ਸ਼ਾਨਦਾਰ ਰਿਪੋਰਟਰ ਬਣ ਕੇ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੇ ਰਾਜੂ ਸ਼੍ਰੀਵਾਸਤਵ ਨੂੰ ਮਨੋਰੰਜਨ ਜਗਤ ‘ਚ ਸਖ਼ਤ ਸੰਘਰਸ਼ ਕਰਨਾ ਪਿਆ। ਰਾਜੂ ਸ਼੍ਰੀਵਾਸਤਵ ਨੇ ਮਾਧੁਰੀ ਦੀਕਸ਼ਿਤ ਅਤੇ ਅਨਿਲ ਕਪੂਰ ਦੀ ਫਿਲਮ ‘ਤੇਜ਼ਾਬ’ ਵਿੱਚ ਇਕ ਛੋਟੀ ਜਿਹੀ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਟੀ.ਵੀ. ਅਤੇ ਬਾਲੀਵੁੱਡ ‘ਚ ਕਾਫੀ ਕੰਮ ਕੀਤਾ ਪਰ ਕਾਮੇਡੀ ਦੀ ਦੁਨੀਆ ‘ਚ ਕਦਮ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਅਸਲੀ ਪਛਾਣ ਮਿਲੀ। ਰਾਜੂ ਸ਼੍ਰੀਵਾਸਤਵ ਨੂੰ ਆਪਣੀ ਅਸਲੀ ਪਛਾਣ ਕਾਮੇਡੀ ਦੀ ਦੁਨੀਆ ‘ਚ ਆਉਣ ਤੋਂ ਬਾਅਦ ਮਿਲੀ। ਉਸਨੇ ਕਈ ਵੱਡੇ ਕਾਮੇਡੀ ਸ਼ੋਅ ਕੀਤੇ ਅਤੇ ਆਪਣੀ ਮਿਹਨਤ ਨਾਲ ਬਹੁਤ ਪੈਸਾ ਕਮਾਇਆ। ਮੀਡੀਆ ‘ਚ ਛਪੀਆਂ ਖਬਰਾਂ ਮੁਤਾਬਕ ਰਾਜੂ ਸ਼੍ਰੀਵਾਸਤਵ ਦੀ ਕੁੱਲ ਜਾਇਦਾਦ 20 ਕਰੋੜ ਹੈ।