ਆਸਟਰੇਲੀਆ ਦੇ ਸਾਬਕਾ ਕਪਤਾਨ ਅਤੇ ਪ੍ਰਸਿੱਧ ਕੁਮੈਂਟੇਟਰ ਇਆਨ ਚੈਪਲ ਨੇ ਲਗਭਗ 45 ਸਾਲ ਮਾਈਕ ਸੰਭਾਲਣ ਤੋਂ ਬਾਅਦ ਕ੍ਰਿਕਟ ਕਮੈਂਟਰੀ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕੀਤਾ ਹੈ। ਰਿਚੀ ਬੇਨੋ, ਬਿਲ ਲਾਰੀ ਅਤੇ ਟੋਨੀ ਗ੍ਰੇਗ ਨਾਲ ਮਿਲ ਕੇ ਚੈਪਲ ਨੇ ਕਮੈਂਟਰੀ ਦੀ ਮਸ਼ਹੂਰ ਟੀਮ ਬਣਾਈ ਸੀ। ਚੈਪਲ ਨੂੰ 2019 ‘ਚ ਚਮੜੀ ਦੇ ਕੈਂਸਰ ਦਾ ਪਤਾ ਲੱਗਾ ਸੀ ਅਤੇ ਇਸ ਬਿਮਾਰੀ ਤੋਂ ਠੀਕ ਹੋਣ ‘ਚ ਉਨ੍ਹਾਂ ਨੂੰ 5 ਮਹੀਨੇ ਲੱਗ ਗਏ ਸਨ। ਸਿਡਨੀ ਮਾਰਨਿੰਗ ਹੇਰਾਲਡ ਮੁਤਾਬਕ ਚੈਪਲ ਨੇ ਕਿਹਾ, ‘ਜਦੋਂ ਕਮੈਂਟਰੀ ਦੀ ਗੱਲ ਆਉਂਦੀ ਹੈ ਤਾਂ ਮੈਂ ਇਸ ਬਾਰੇ ਸੋਚ ਰਿਹਾ ਸੀ।’ ਉਨ੍ਹਾਂ ਕਿਹਾ, ‘ਕੁਝ ਸਾਲ ਪਹਿਲਾਂ ਮੈਂ ਬੀਮਾਰ ਹੋਇਆ ਸੀ ਪਰ ਖ਼ੁਸ਼ਕਿਸਮਤੀ ਰਹੀ ਕਿ ਉਸ ਤੋਂ ਉਭਰਨ ‘ਚ ਸਫ਼ਲ ਰਿਹਾ ਪਰ ਹੁਣ ਚੀਜ਼ਾਂ ਮੁਸ਼ਕਲ ਹੋ ਰਹੀਆਂ ਹਨ ਅਤੇ ਮੈਂ ਸੋਚਿਆ ਕਿ ਇੰਨਾ ਸਫ਼ਰ ਅਤੇ ਪੌੜੀਆਂ ਚੜ੍ਹਨ ਵਰਗੀਆਂ ਚੀਜ਼ਾਂ ਹੁਣ ਮੇਰੇ ਲਈ ਮੁਸ਼ਕਲ ਹੁੰਦੀਆਂ ਜਾ ਰਹੀਆਂ ਹਨ।’ ਚੈਪਲ ਨੇ ਕਿਹਾ, ‘ਫਿਰ ਮੈਂ ਪੜ੍ਹਿਆ ਕਿ ਰੈਬਿਟਸ ਦਾ ਰਿਟਾਇਰਮੈਂਟ ਬਾਰੇ ਕੀ ਕਹਿਣਾ ਸੀ ਅਤੇ ਮੈਨੂੰ ਉਨ੍ਹਾਂ ਦੀ ਗੱਲ ਪਸੰਦ ਆਈ। ਉਨ੍ਹਾਂ ਕਿਹਾ ਸੀ ਕਿ ਤੁਸੀਂ ਗ਼ਲਤੀ ਕਰਨ ਤੋਂ ਸਿਰਫ਼ ਇਕ ਵਾਕ ਦੂਰ ਹੁੰਦੇ ਹੋ।’ ਚੈਪਲ 78 ਸਾਲ ਦੇ ਹੋ ਗਏ ਹਨ। ਉਨ੍ਹਾਂ ਨੇ 1964 ਅਤੇ 1980 ਦੇ ਵਿਚਕਾਰ ਇਕ ਸਿਖਰਲੇ ਕ੍ਰਮ ਦੇ ਬੱਲੇਬਾਜ਼ ਵਜੋਂ ਟੈਸਟ ਕ੍ਰਿਕਟ ‘ਚ 5345 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ 30 ਟੈਸਟ ਮੈਚਾਂ ‘ਚ ਆਸਟਰੇਲੀਆ ਦੀ ਕਪਤਾਨੀ ਵੀ ਕੀਤੀ ਸੀ। ਉਨ੍ਹਾਂ ਨੇ 30 ਵਨਡੇ ਵੀ ਖੇਡੇ ਅਤੇ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਇਕ ਕਮੈਂਟੇਟਰ ਬਣ ਗਏ ਸਨ।