ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ‘ਚ 17ਵਾਂ ਪ੍ਰਵਾਸੀ ਭਾਰਤੀ ਸੰਮੇਲਨ ਸ਼ੁਰੂ ਹੋਇਆ ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ। ਉਨ੍ਹਾਂ ਇਸ ਸਮੇਂ ਕਿਹਾ ਕਿ ਪ੍ਰਵਾਸੀ ਭਾਰਤੀ ਵਿਦੇਸ਼ਾਂ ‘ਚ ਇੰਡੀਆ ਦੇ ਬ੍ਰਾਂਡ ਅੰਬੈਸਡਰ ਹਨ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀਆਂ ਦਾ ਦੇਸ਼ ਦੇ ‘ਅੰਮ੍ਰਿਤ ਕਾਲ’ ਵਿੱਚ ਪ੍ਰਵੇਸ਼ ਦੌਰਾਨ ਮਹੱਤਵਪੂਰਨ ਸਥਾਨ ਰਹੇਗਾ। ਮੋਦੀ ਨੇ ਕਿਹਾ, ‘ਮੈਂ ਪ੍ਰਵਾਸੀ ਭਾਰਤੀਆਂ ਨੂੰ ਵਿਦੇਸ਼ੀ ਧਰਤੀ ‘ਤੇ ਭਾਰਤ ਦੇ ਬ੍ਰਾਂਡ ਅੰਬੈਸਡਰ ਸਮਝਦਾ ਹਾਂ। ਤੁਹਾਡੀ ਭੂਮਿਕਾ ਵੱਖ ਹੈ। ਤੁਸੀਂ ਯੋਗ, ਆਯੁਰਵੈਦ, ਛੋਟੀਆਂ ਸਨਅਤਾਂ, ਦਸਤਕਾਰੀ ਅਤੇ ਮੋਟੇ ਅਨਾਜ ਦੇ ਬ੍ਰਾਂਡ ਅੰਬੈਸਡਰ ਵੀ ਹੋ। ਪ੍ਰਵਾਸੀਆਂ ਦੀ ਅਗਲੀ ਪੀੜ੍ਹੀ ਆਪਣੇ ਮਾਪਿਆਂ ਦੇ ਮੁਲਕ ਬਾਰੇ ਜਾਣਨ ਦੀ ਇੱਛੁਕ ਹੈ।’ ਪ੍ਰਧਾਨ ਮੰਤਰੀ ਨੇ ਮੁਲਕ ਦੀਆਂ ਯੂਨੀਵਰਸਿਟੀਆਂ ਨੂੰ ਕਿਹਾ ਕਿ ਉਹ ਵਿਦਿਆਰਥੀਆਂ ਦੀ ਸਹੂਲਤ ਲਈ ਪ੍ਰਵਾਸੀ ਭਾਰਤੀਆਂ ਵੱਲੋਂ ਬਾਹਰਲੇ ਮੁਲਕਾਂ ‘ਚ ਪਾਏ ਗਏ ਯੋਗਦਾਨ ਦੀ ਜਾਣਕਾਰੀ ਇਕੱਠੀ ਕਰਨ। ਮੱਧ ਪ੍ਰਦੇਸ਼ ‘ਚ ਸੈਰ-ਸਪਾਟੇ ਦੀਆਂ ਕਈ ਥਾਵਾਂ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਇਨ੍ਹਾਂ ਦਾ ਦੌਰਾ ਕਰਨ ਦੀ ਅਪੀਲ ਕੀਤੀ। ਇੰਦੌਰ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ, ‘ਇੰਦੌਰ ਨਾ ਸਿਰਫ਼ ਸਾਫ਼-ਸਫ਼ਾਈ ਸਗੋਂ ਆਪਣੀ ਵਿਰਾਸਤ ਸੰਭਾਲਣ ‘ਚ ਹੋਰਾਂ ਸ਼ਹਿਰਾਂ ਨਾਲੋਂ ਅੱਗੇ ਹੈ। ਇੰਦੌਰ ਦੇ ਪਕਵਾਨ ਮੂੰਹ ‘ਚ ਪਾਣੀ ਲਿਆਉਣ ਵਾਲੇ ਹਨ ਅਤੇ ਜਿਹੜੇ ਲੋਕ ਇਸ ਦਾ ਆਨੰਦ ਮਾਣਦੇ ਹਨ, ਉਹ ਫੇਰ ਕਿਸੇ ਹੋਰ ਦਾ ਸੁਆਦ ਤੱਕ ਨਹੀਂ ਲੈਂਦੇ।’ ਸੰਮੇਲਨ ‘ਚ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸੁਰੀਨਾਮ ਦੇ ਰਾਸ਼ਟਰਪਤੀ ਚੰਦਰਿਕਾ ਪ੍ਰਸਾਦ ਸੰਤੋਖੀ ਨੇ ਕਿਹਾ ਕਿ ਇੰਡੀਆ ਨੇ ਆਪਣੇ ਆਪ ਨੂੰ ਖੇਤਰੀ ਅਤੇ ਆਲਮੀ ਮੰਚਾਂ ‘ਤੇ ਭਰੋਸੇਯੋਗ ਭਾਈਵਾਲ ਵਜੋਂ ਸਾਬਿਤ ਕੀਤਾ ਹੈ। ਸੰਮੇਲਨ ਦੇ ਮੁੱਖ ਮਹਿਮਾਨ ਗੁਇਆਂਨਾ ਦੇ ਰਾਸ਼ਟਰਪਤੀ ਮੁਹੰਮਦ ਇਰਫ਼ਾਨ ਅਲੀ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮਹਾਮਾਰੀ ਦੌਰਾਨ ਜਦੋਂ ਦੁਨੀਆ ਨਾਕਾਮ ਸਾਬਿਤ ਹੋਈ ਤਾਂ ਮੋਦੀ ਨੇ ਰਾਹ ਦਿਖਾਇਆ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਇੰਡੀਆ ‘ਚ ਪੜ੍ਹ ਕੇ ਗਏ ਸਨ ਅਤੇ ਉਨ੍ਹਾਂ ਨੂੰ ਭਾਰਤੀ ਲੋਕਾਂ ਤੋਂ ਮਿਲਿਆ ਪਿਆਰ ਅਜੇ ਤੱਕ ਯਾਦ ਹੈ। ਇਸ ਸਮੇਂ 17 ਪ੍ਰਵਾਸੀ ਭਾਰਤੀਆਂ ਨੂੰ ਸਨਮਾਨਤ ਕੀਤਾ ਜਾਣਾ ਹੈ ਜਿਨ੍ਹਾਂ ‘ਚ ਪੰਜਾਬੀ ਮੂਲ ਦੇ ਅਮਰੀਕਾ ‘ਚ ਉੱਘੇ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਸ਼ਾਮਲ ਹਨ। ਉਹ ਅੱਜ ਮੋਦੀ ਦੇ ਸਵਾਗਤ ਸਮੇਂ ਵੀ ਮੌਜੂਦ ਸਨ।