ਅਮਰੀਕਾ ਦੇ ਪੂਰਬੀ ਆਯੋਵਾ ਦੇ ਇਕ ਪਾਰਕ ’ਚ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਬਾਅਦ ’ਚ ਸ਼ੱਕੀ ਬੰਦੂਕਧਾਰੀ ਨੇ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਆਯੋਵਾ ਡਿਵੀਜ਼ਨ ਆਫ ਕ੍ਰਿਮੀਨਲ ਇਨਵੈਸਟੀਗੇਸ਼ਨ ਨੇ ਇਕ ਬਿਆਨ ’ਚ ਕਿਹਾ ਕਿ ਸਵੇਰੇ ਕਰੀਬ 6.30 ਵਜੇ ਮਕੋਕੇਟਾ ਕੇਵਜ਼ ਸਟੇਟ ਪਾਰਕ ਕੈਂਪਗ੍ਰਾਉਂਡ ’ਚ ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਅਧਿਕਾਰੀ ਉਥੇ ਪਹੁੰਚੇ। ਡਿਵੀਜ਼ਨ ਦੇ ਸਹਾਇਕ ਨਿਰਦੇਸ਼ਕ ਮਿਚ ਮੋਰਟਵੇਟ ਦੇ ਅਨੁਸਾਰ, ਅਧਿਕਾਰੀਆਂ ਨੇ ਦੇਖਿਆ ਕੇ ਕੈਂਪਗ੍ਰਾਉਂਡ ’ਚ ਇਕ ਤੰਬੂ ’ਚ ਮ੍ਰਿਤਕ ਪਏ ਤਿੰਨ ਲੋਕਾਂ ਨੂੰ ਗੋਲੀ ਲੱਗੀ ਹੋਈ ਸੀ। ਬਾਅਦ ’ਚ ਪਬਲਿਕ ਸੇਫਟੀ ਵਿਭਾਗ ਨੇ ਉਨ੍ਹਾਂ ਦੀ ਪਛਾਣ ਟਾਯਲਰ ਸ਼ਮਿਟ (42), ਸਾਰਾ ਸ਼ਮਿਟ (42) ਅਤੇ ਲੂਲੂ ਸ਼ਮਿਟ (6) ਦੇ ਰੂਪ ਵਿਚ ਕੀਤੀ, ਜੋ ਸੀਡਰ ਫਾਲਸ ਆਯੋਵਾ ਦੇ ਨਿਵਾਸੀ ਸਨ। ਉਨ੍ਹਾਂ ਦੇ ਕਤਲ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮੋਰਟਵੇਟ ਨੇ ਕਿਹਾ ਕਿ ਅਧਿਕਾਰੀਆਂ ਨੇ ਤੁਰੰਤ ਪਾਰਕ ’ਚ ਮੌਜੂਦ ਸਾਰਿਆਂ ਨੂੰ ਉਥੋਂ ਬਾਹਰ ਕੱਢਿਆ। ਆਯੋਵਾ ਕ੍ਰਾਈਮ ਇਨਵੈਸਟੀਗੇਸ਼ਨ ਡਿਵੀਜ਼ਨ ਦੇ ਵਿਸ਼ੇਸ਼-ਇੰਚਾਰਜ ਏਜੰਟ ਮਾਈਕ ਕ੍ਰਾਪਫਲ ਨੇ ਕਿਹਾ ਕਿ ਬਾਅਦ ’ਚ ਘਟਨਾ ਸਥਾਨ ’ਤੇ ਨੇਬਰਾਸਕਾ ਦੇ ਇਕ ਵਿਅਕਤੀ ਦੀ ਲਾਸ਼ ਮਿਲੀ, ਜਿਸ ਨੇ ਖ਼ੁਦ ਨੂੰ ਗੋਲੀ ਮਾਰੀ ਸੀ। ਅਧਿਕਾਰੀਆਂ ਨੇ ਵਿਅਕਤੀ ਦੀ ਪਛਾਣ 23 ਸਾਲਾ ਐਂਥਨੀ ਸ਼ੇਰਵਿਨ ਵਜੋਂ ਕੀਤੀ ਹੈ। ਆਯੋਵਾ ’ਚ ਲਾਇਸੰਸਧਾਰਕਾਂ ਨੂੰ ਕਿਤੇ ਵੀ ਹਥਿਆਰ ਲਿਜਾਣ ਦੀ ਇਜਾਜ਼ਤ ਹੈ। ਅਧਿਕਾਰੀਆਂ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਸ਼ੇਰਵਿਨ ਕੋਲ ਲਾਇਸੈਂਸ ਸੀ ਜਾਂ ਨਹੀਂ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸ਼ੇਰਵਿਨ ਦਾ ਪੀਡ਼ਤਾਂ ਨਾਲ ਪਹਿਲਾਂ ਕੋਈ ਸਬੰਧ ਨਹੀਂ ਸੀ।