ਦੋ ਸਾਧਵੀਆਂ ਨਾਲ ਬਲਾਤਕਾਰ ਅਤੇ ਦੋ ਕਤਲ ਦੇ ਮਾਮਲਿਆਂ ‘ਚ 20 ਸਾਲ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਪਿਛਲੇ ਦਿਨੀਂ ਇਕ ਵਾਰ ਫਿਰ ਚਾਲੀ ਦਿਨ ਦੀ ਪੈਟਰੋਲ ‘ਤੇ ਸੁਨਾਰੀਆ (ਰੋਹਤਕ) ਜੇਲ੍ਹ ‘ਚੋਂ ਬਾਹਰ ਹਨ। ਇਸ ਵਾਰ ਉਨ੍ਹਾਂ ਦੀ ਪੈਟਰੋਲ ਨੂੰ ਹਰਿਆਣਾ ਦੀ ਵਿਧਾਨ ਸਭਾ ਹਲਕਾ ਆਦਮਪੁਰ ਦੀ ਜ਼ਿਮਨੀ ਚੋਣ ਅਤੇ ਪੰਚਾਇਤ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਜੇਲ੍ਹ ‘ਚੋਂ ਬਾਹਰ ਉਹ ਉੱਤਰ ਪ੍ਰਦੇਸ਼ ਦੇ ਆਪਣੇ ਡੇਰੇ ‘ਚ ਹਨ ਜਿਥੋਂ ਉਨ੍ਹਾਂ ਆਨਲਾਈਨ ਸਤਿਸੰਗ ਕੀਤੀ। ਇਸ ‘ਚ ਹਰਿਆਣਾ ਦੀਆਂ ਵੱਖ-ਵੱਖ ਥਾਵਾਂ ਤੋਂ ਡੇਰੇ ਦੇ ਪੈਰੋਕਾਰਾਂ ਤੇ ਭਾਜਪਾ ਆਗੂਆਂ ਨੇ ਸ਼ਮੂਲੀਅਤ ਕੀਤੀ। ਅਜਿਹਾ ਹੀ ਇਕ ਇਕੱਠ ਕਰਨਾਲ ਦੇ ਵੱਡੇ ਤੇ ਮਹਿੰਗੇ ਮੈਰਿਜ ਪੈਲੇਸ ‘ਚ ਰੱਖਿਆ ਗਿਆ ਜਿਸ ‘ਚ ਹਰਿਆਣਾ ਦੇ ਡਿਪਟੀ ਸਪੀਕਰ ਤੋਂ ਇਲਾਵਾ ਮੇਅਰ, ਡਿਪਟੀ ਮੇਅਰ ਤੇ ਹੋਰ ਆਗੂ ‘ਪਿਤਾ ਜੀ’ ਤੋਂ ਆਸ਼ੀਰਵਾਦ ਲੈਂਦੇ ਨਜ਼ਰ ਆਏ। ਇਨ੍ਹਾਂ ‘ਚ ਇਕ ਮਹਿਲਾ ਭਾਜਪਾ ਆਗੂ ਸ਼ਾਮਲ ਸੀ। ਦੇਸ਼ ਭਰ ‘ਚ ਇਹ ਸਵਾਲ ਪੈਦਾ ਹੋ ਗਿਆ ਕਿ ਕੀ ਬਲਾਤਕਾਰ ਦੇ ਦੋਸ਼ੀ ਅਤੇ ਇਕ ਪੱਤਰ ਸਮੇਤ ਦੋ ਕਤਲਾਂ ਦੇ ਦੋਸ਼ੀ, ਜਿਸ ਨੂੰ ਅਦਾਲਤ ਸਜ਼ਾ ਵੀ ਸੁਣਾ ਚੁੱਕੀ ਹੈ, ਅਜਿਹੇ ਸਤਿਸੰਗ ਤੇ ਇਕੱਠ ਕਰ ਸਕਦਾ ਹੈ ਅਤੇ ਕੀ ਵੋਟਾਂ ਖਾਤਿਰ ਕੋਈ ਸਿਆਸੀ ਧਿਰ ਬਲਾਤਕਾਰੀ ਤੋਂ ਆਸ਼ੀਰਵਾਰ ਲੈ ਕੇ ਜਨਤਾ ‘ਚ ਕੀ ਸੁਨੇਹਾ ਦੇਣਾ ਚਾਹੁੰਦੀ ਹੈ। ਇਹ ਵਿਵਾਦ ਖੜ੍ਹਾ ਹੋਣ ‘ਤੇ ਸਤਿਸੰਗ ‘ਚ ਸ਼ਮੂਲੀਅਤ ਕਰਨ ਵਾਲੇ ਭਾਜਪਾ ਆਗੂਆਂ ਸਮੇਤ ਪਾਰਟੀ ਦੀ ਬਾਕੀ ਲੀਡਰਸ਼ਿਪ ਤੇ ਕੇਂਦਰੀ ਆਗੂਆਂ ਤੇ ਮੰਤਰੀਆਂ ਨੇ ਚੁੱਪ ਵੱਟ ਲਈ ਹੈ। 55 ਸਾਲਾ ਡੇਰਾ ਸਿਰਸਾ ਮੁਖੀ ਉੱਤਰ ਪ੍ਰਦੇਸ਼ ਦੇ ਬਾਗਪਤ ‘ਚ ਡੇਰੇ ਦੇ ਬਰਨਾਵਾ ਆਸ਼ਰਮ ਤੋਂ ਆਨਲਾਈਨ ਸਤਿਸੰਗ ਕਰ ਰਿਹਾ ਹੈ। ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਰਣਬੀਰ ਗੰਗਵਾ ਬੀਤੇ ਦਿਨ ਹਿਸਾਰ ‘ਚ ਆਨਲਾਈਨ ਪ੍ਰਵਚਨ ਸੁਣਨ ਲਈ ਡੇਰਾ ਪ੍ਰੇਮੀਆਂ ਦੀ ਸਭਾ ‘ਚ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਡੇਰਾ ਮੁਖੀ ਨਾਲ ਆਪਣੇ ਪਰਿਵਾਰ ਦੀ ਨੇੜਤਾ ਦੀ ਚਰਚਾ ਕੀਤੀ। ਇਸ ਤੋਂ ਪਹਿਲਾਂ ਕਰਨਾਲ ਦੀ ਮੇਅਰ ਰੇਣੂ ਬਾਲਾ ਕੁਝ ਹੋਰ ਭਾਜਪਾ ਆਗੂਆਂ ਨਾਲ ਮੰਗਲਵਾਰ ਨੂੰ ਇਕ ਆਨਲਾਈਨ ਸਤਿਸੰਗ ‘ਚ ਸ਼ਾਮਲ ਹੋਈ। ਆਨਲਾਈਨ ਸਤਿਸੰਗ ਦੌਰਾਨ ਡੇਰਾ ਮੁਖੀ ਨਾਲ ਗੱਲਬਾਤ ਕਰਦੇ ਹੋਏ ਗੰਗਵਾ ਨੇ ਕਿਹਾ ਕਿ ਉਹ ਡੇਰਾ ਮੁਖੀ ਦੇ ਆਸ਼ੀਰਵਾਦ ਤੋਂ ਖੁਸ਼ ਹਨ। ਰੇਣੂ ਬਾਲਾ ਨੇ ਡੇਰਾ ਮੁਖੀ ਨੂੰ ‘ਪਿਤਾ ਜੀ’ ਵਜੋਂ ਸੰਬੋਧਨ ਕੀਤਾ ਤੇ ਕਿਹਾ ਕਿ ਡੇਰਾ ਮੁਖੀ ਦਾ ਆਸ਼ੀਰਵਾਦ ਹਮੇਸ਼ਾ ਉਨ੍ਹਾਂ ਨਾਲ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਈ ਸਾਲ ਪਹਿਲਾਂ ਉਹ ਕਰਨਾਲ ਆਏ ਸਨ ਤੇ ਸਵੱਛਤਾ ਦਾ ਸੁਨੇਹਾ ਦਿੱਤਾ ਸੀ ਜਿਸ ਨਾਲ ਸ਼ਹਿਰ ਨੂੰ ਮਦਦ ਮਿਲੀ ਸੀ। ਪ੍ਰੋਗਰਾਮ ਦੀ ਵੀਡੀਓ ‘ਚ ਉਹ ਇਹ ਕਹਿੰਦੀ ਸੁਣਾਈ ਦੇ ਰਹੀ ਹੈ, ‘ਭਵਿੱਖ ‘ਚ ਵੀ ਤੁਸੀਂ ਕਰਨਾਲ ਆਓ ਤੇ ਇਕ ਵਾਰ ਫਿਰ ਸਵੱਛਤਾ ‘ਤੇ ਆਪਣਾ ਸੁਨੇਹਾ ਤੇ ਸਾਨੂੰ ਆਪਣਾ ਆਸ਼ੀਰਵਾਦ ਦਿਉ।’ ਹਰਿਆਣਾ ਵਿਧਾਨ ਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ ਨੇ ਫੋਨ ‘ਤੇ ਸੰਪਰਕ ਕਰਨ ‘ਤੇ ਕਿਹਾ ਕਿ ਉਨ੍ਹਾਂ ਨੂੰ ਡੇਰਾ ਮੁਖੀ ਦੇ ਆਨਲਾਈਨ ਸਤਿਸੰਗ ‘ਚ ਸ਼ਾਮਲ ਹੋਣ ‘ਚ ਕੁਝ ਵੀ ਗਲਤ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਉਹ ਤੇ ਉਨ੍ਹਾਂ ਦਾ ਪਰਿਵਾਰ ਡੇਰੇ ਨਾਲ ਜੁੜਿਆ ਹੋਇਆ ਹੈ ਅਤੇ ਇਹ ਨਿੱਜੀ ਵਿਸ਼ਵਾਸ ਤੇ ਪਸੰਦ ਦਾ ਮਾਮਲਾ ਹੈ।