ਭਾਰਤੀ ਮੂਲ ਦੇ ਅਮਰੀਕਨ ਨਾਗਰਿਕ ਸੁਰੇਂਦਰਨ ਕੇ. ਪਟੇਲ ਟੈਕਸਾਸ ‘ਚ ਜ਼ਿਲ੍ਹਾ ਜੱਜ ਨਿਯੁਕਤ ਕੀਤੇ ਗਏ ਹਨ। ਕੇਰਲ ਦੇ ਇਕ ਗਰੀਬ ਮਜ਼ਦੂਰ ਪਰਿਵਾਰ ‘ਚ ਜਨਮੇ ਸੁਰੇਂਦਰਨ ਦੀ ਸਫ਼ਲਤਾ ਦੀ ਕਹਾਣੀ ਕਿਸੇ ਫਿਲਮ ਵਾਂਗ ਲੱਗਦੀ ਹੈ। ਸੁਰੇਂਦਰਨ ਨੇ 10ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਸੀ ਅਤੇ ਬੀੜੀ ਬਣਾਉਣ ਵਾਲੇ ਮਜ਼ਦੂਰ ਬਣ ਗਏ ਸਨ। ਅਮਰੀਕਾ ਜਾਣ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਪਲਟ ਗਈ। ਸੁਰੇਂਦਰਨ ਦੇ ਪਟੇਲ ਦਾ ਜਨਮ ਕੇਰਲ ਦੇ ਕਾਸਰਗੋਡ ‘ਚ ਇਕ ਦਿਹਾੜੀ ਮਜ਼ਦੂਰ ਦੇ ਘਰ ਹੋਇਆ ਸੀ। ਸੁਰੇਂਦਰਨ ਦਾ ਬਚਪਨ ਬੇਹੱਦ ਗ਼ਰੀਬੀ ‘ਚੋਂ ਲੰਘਿਆ। ਉਹ ਆਪਣੀ ਭੈਣ ਨਾਲ ਬੀੜੀ ਬਣਾਉਣ ਦਾ ਕੰਮ ਕਰਦੇ ਸਨ। ਘਰ ਦੇ ਹਾਲਾਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੇ 10ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ ਤੇ ਫੁੱਲ ਟਾਈਮ ਬੀੜੀ ਮਜ਼ਦੂਰ ਬਣ ਗਏ। ਹਾਲਾਂਕਿ ਪੜ੍ਹਾਈ ‘ਚ ਇਕ ਸਾਲ ਦੀ ਬ੍ਰੇਕ ਹੋਣ ਤੋਂ ਬਾਅਦ ਉਨ੍ਹਾਂ ਨੇ ਫਿਰ ਤੋਂ ਪੜ੍ਹਾਈ ਸ਼ੁਰੂ ਕੀਤੀ। ਉਨ੍ਹਾਂ ਦਾ ਦਾਖ਼ਲਾ ਇਕ ਮੈਮੋਰੀਅਲ ਗਵਰਨਮੈਂਟ ਕਾਲਜ ‘ਚ ਹੋਇਆ। ਉਹ ਹੁਣ ਵੀ ਬੀੜੀ ਬਣਾਉਣ ਦਾ ਕੰਮ ਕਰਦੇ ਸਨ, ਇਸ ਲਈ ਕਾਲਜ ‘ਚ ਉਨ੍ਹਾਂ ਨੂੰ ਪ੍ਰੀਖਿਆ ਵਿਚ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ, ਪਰ ਇਸਦੇ ਬਾਅਦ ਉਨ੍ਹਾਂ ਨੇ ਕਾਲਜ ਦੇ ਟੀਚਰਾਂ ਤੋਂ ਪ੍ਰੀਖਿਆ ਵਿਚ ਬੈਠਣ ਦੀ ਇਜਾਜ਼ਤ ਮੰਗੀ। ਇਕ ਇੰਟਰਵਿਊ ‘ਚ ਵਿਚ ਪਟੇਲ ਕਹਿੰਦੇ ਹਨ ਕਿ ਜੇਕਰ ਉਹ ਟੀਚਰਾਂ ਨੂੰ ਦੱਸਦਾ ਕਿ ਉਹ ਬੀੜੀ ਬਣਾਉਣ ਵਾਲੇ ਮਜ਼ਦੂਰ ਹਨ ਤਾਂ ਟੀਚਰ ਦੇ ਮਨ ‘ਚ ਉਨ੍ਹਾਂ ਲਈ ਹਮਦਰਦੀ ਹੁੰਦੀ ਪਰ ਉਨ੍ਹਾਂ ਇਸ ਬਾਰੇ ਗੱਲ ਨਾ ਕਰਦੇ ਹੋਏ ਟੀਚਰਾਂ ਨੂੰ ਕਿਹਾ ਕਿ ਜੇਕਰ ਪ੍ਰੀਖਿਆ ‘ਚ ਮੇਰੇ ਚੰਗੇ ਨੰਬਰ ਨਹੀਂ ਆਏ ਤਾਂ ਪੜ੍ਹਾਈ ਛੱਡ ਦੇਣ ਦੀ ਗੱਲ ਕੀਤੀ। ਹਾਲਾਂਕਿ ਜਦੋਂ ਨਤੀਜਾ ਆਇਆ ਤਾਂ ਉਹ ਟਾਪਰ ਸਨ। ਇਸ ਤੋਂ ਬਾਅਦ ਟੀਚਰਾਂ ਨੇ ਉਨ੍ਹਾਂ ਨੂੰ ਬਹੁਤ ਸਪੋਰਟ ਕੀਤਾ। ਇਸ ਕਾਰਨ ਉਨ੍ਹਾਂ ਨੇ ਗ੍ਰੈਜੂਏਸ਼ਨ ‘ਚ ਵੀ ਟਾਪ ਕੀਤਾ। ਉਹ ਵਕੀਲ ਬਣਨ ਦਾ ਸੁਫ਼ਨਾ ਦੇਖ ਰਹੇ ਸਨ। ਇਸ ਲਈ ਉਹ ਕਾਲੀਕਟ ਗਵਰਨਮੈਂਟ ਲਾਅ ਕਾਲਜ ਤੋਂ ਐੱਲ.ਐੱਲ.ਬੀ. ਕਰਨਾ ਚਾਹੁੰਦੇ ਸਨ ਪਰ ਆਰਥਿਕ ਤੰਗੀ ਕਾਰਨ ਉਨ੍ਹਾਂ ਨੇ ਇਥੇ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਕਾਲਜ ਦੇ ਪਹਿਲੇ ਸਾਲ ਤਾਂ ਉਨ੍ਹਾਂ ਨੂੰ ਕੁਝ ਦੋਸਤਾਂ ਤੋਂ ਮਦਦ ਮਿਲ ਗਈ ਪਰ ਇਸ ਦੇ ਅਗਲੇ ਸਾਲ ਉਨ੍ਹਾਂ ਨੇ ਇਕ ਹੋਟਲ ‘ਚ ਹਾਊਸਕੀਪਿੰਗ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਾਲ 1995 ‘ਚ ਕਾਨੂੰਨ ਦੀ ਡਿਗਰੀ ਲੈਣ ਤੋਂ ਬਾਅਦ ਉਨ੍ਹਾਂ ਨੇ ਕੇਰਲ ਦੇ ਹੋਸਡਰਗ ‘ਚ ਪ੍ਰੈਕਟਿਸ ਸ਼ੁਰੂ ਕੀਤੀ ਅਤੇ ਲਗਾਤਾਰ ਸਫ਼ਲਤਾ ਪ੍ਰਾਪਤ ਕਰਦੇ ਚਲੇ ਗਏ। ਇਸ ਤੋਂ ਬਾਅਦ ਸਾਲ 2004 ‘ਚ ਉਨ੍ਹਾਂ ਨੇ ਸੁਧਾ ਨਾਮੀ ਇਕ ਜੂਨੀਅਰ ਵਕੀਲ ਨਾਲ ਵਿਆਹ ਕਰਵਾ ਲਿਆ। ਬਾਅਦ ‘ਚ ਸੁਧਾ ਦੀ ਨੌਕਰੀ ਸਟਾਫ ਨਰਸ ਦੇ ਰੂਪ ‘ਚ ਲੱਗ ਗਈ ਅਤੇ ਉਹ ਦਿੱਲੀ ਸ਼ਿਫ਼ਟ ਹੋ ਗਏ। ਦਿੱਲੀ ‘ਚ ਹੀ ਉਹ ਸੁਪਰੀਮ ਕੋਰਟ ‘ਚ ਪ੍ਰੈਕਟਿਸ ਕਰਨ ਲੱਗੇ। ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਧਾ ਦੀ ਨੌਕਰੀ ਅਮਰੀਕਾ ਦੇ ਹਿਊਸਟਨ ‘ਚ ਲੱਗ ਗਈ। ਪਤਨੀ ਦੀ ਨੌਕਰੀ ਹਿਊਸਟਨ ‘ਚ ਲੱਗਣ ਕਾਰਨ ਦੋਵੇਂ ਅਮਰੀਕਾ ਚਲੇ ਗਏ। ਜਿਥੇ ਸੁਧਾ ਆਪਣੀ ਨੌਕਰੀ ਕਰਦੀ ਪਰ ਸੁਰੇਂਦਰਨ ਪਟੇਲ ਇਕ ਕਰਿਆਨੇ ਦੀ ਦੁਕਾਨ ‘ਚ ਕੰਮ ਕਰਦੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ‘ਚ ਬਤੌਰ ਵਕੀਲ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਜਿਥੇ ਉਨ੍ਹਾਂ ਨੂੰ ਸਫ਼ਲਤਾ ਮਿਲਣ ਲੱਗੀ। ਉਦੋਂ ਉਨ੍ਹਾਂ ਨੂੰ ਇੰਝ ਲੱਗਾ ਕਿ ਉਹ ਜੱਜ ਬਣ ਸਕਦੇ ਹਨ। ਉਨ੍ਹਾਂ ਦੀ ਪਤਨੀ ਉਥੇ ਨੌਕਰੀ ਵੀ ਸੀ। ਇਸ ਲਈ ਉਨ੍ਹਾਂ ਨੇ ਅਮਰੀਕਾ ਦੀ ਨਾਗਰਿਕਤਾ ਲਈ ਕੋਸ਼ਿਸ਼ ਕੀਤੀ। ਖੁਸ਼ਕਿਸਮਤੀ ਨਾਲ ਸਾਲ 2017 ‘ਚ ਉਨ੍ਹਾਂ ਨੂੰ ਨਾਗਰਿਕਤਾ ਮਿਲ ਗਈ। ਸਾਲ 2020 ‘ਚ ਉਨ੍ਹਾਂ ਨੇ ਜੱਜ ਬਣਨ ਲਈ ਪਹਿਲੀ ਵਾਰ ਕੋਸ਼ਿਸ਼ ਕੀਤੀ। ਹਾਲਾਂਕਿ ਉਦੋਂ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ ਪਰ ਸੁਰੇਂਦਰਨ ਪਟੇਲ ਨੇ ਹਾਰ ਨਹੀਂ ਮੰਨੀ। ਸਾਲ 2022 ‘ਚ ਉਨ੍ਹਾਂ ਨੇ ਇਕ ਵਾਰ ਫਿਰ ਦਾਅਵੇਦਾਰੀ ਪੇਸ਼ ਕੀਤੀ। ਹਾਲਾਂਕਿ ਕਈ ਲੋਕਾਂ ਨੇ ਉਨ੍ਹਾਂ ਨੂੰ ਜੱਜ ਬਣਨ ਦਾ ਸੁਫ਼ਨਾ ਛੱਡਣ ਲਈ ਕਿਹਾ ਪਰ ਉਹ ਨਹੀਂ ਮੰਨੇ। ਸਾਰੀਆਂ ਕੋਸ਼ਿਸ਼ਾਂ ਤੋਂ ਬਾਅਦ ਡੈਮੋਕ੍ਰੇਟਿਕ ਪਾਰਟੀ ਨੇ ਉਨ੍ਹਾਂ ਨੂੰ ਆਪਣਾ ਉਮੀਦਵਾਰ ਐਲਾਨ ਕਰ ਦਿੱਤਾ। ਜਿਥੇ ਚੋਣਾਂ ‘ਚ ਉਨ੍ਹਾਂ ਨੇ ਵਿਰੋਧੀ ਰਿਬਪਲਿਕਨ ਉਮੀਦਵਾਰ ਨੂੰ ਹਰਾਉਂਦੇ ਹੋਏ ਜਿੱਤ ਦਰਜ ਕੀਤੀ। ਕੁਲ ਮਿਲਾ ਕੇ ਦੇਖੀਏ ਤਾਂ ਇਕ ਗ਼ਰੀਬ ਮਜ਼ਦੂਰ ਪਰਿਵਾਰ ‘ਚ ਜਨਮ ਲੈਣ ਅਤੇ ਸਮੱਸਿਆਵਾਂ ਨਾਲ ਘਿਰੇ ਹੋਣ ਤੋਂ ਬਾਅਦ ਵੀ ਸੁਰੇਂਦਰਨ ਨੇ ਹਾਰ ਨਹੀਂ ਮੰਨੀ। ਉਹ ਲਗਾਤਾਰ ਮਿਹਨਤ ਕਰਦੇ ਹੋਏ ਸਫ਼ਲਤਾ ਦੇ ਨਵੇਂ ਪੜਾਅ ਸਥਾਪਤ ਕਰਦੇ ਜਾ ਰਹੇ ਸਨ। ਸਮੇਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਅਤੇ ਹੁਣ ਉਹ ਅਮਰੀਕਾ ਸੂਬੇ ਟੈਕਸਾਸ ਦੇ 240ਵੇਂ ਜ਼ਿਲ੍ਹਾ ਜੱਜ ਬਣ ਗਏ ਹਨ।