ਬ੍ਰਿਟੇਨ ‘ਚ ਕੰਜ਼ਰਵੇਟਿਵ ਪਾਰਟੀ ਲੀਡਰਸ਼ਿਪ ਚੋਣ ਲਈ ਵੋਟਿੰਗ ਤੋਂ ਸਿਰਫ ਦੋ ਹਫਤੇ ਰਹਿ ਜਾਣ ਦਰਮਿਆਨ ਰਿਸ਼ੀ ਸੁਨਕ ਦੀ ਟੀਮ ਬੋਰਿਸ ਜਾਨਸਨ ਦੇ ਉੱਤਰਾਧਿਕਾਰੀ ਦੀ ਦੌੜ ‘ਚ ਵਿਰੋਧੀ ਲਿਜ਼ ਟ੍ਰਸ ਦੀ ਬੜ੍ਹਤ ਦੇ ਮੱਦੇਨਜ਼ਰ ‘ਅੰਡਰਡਾਗ’ ਦੇ ਦਰਜੇ ਨੂੰ ਬਣਾਉਣ ‘ਚ ਜੁੱਟੀ ਹੈ ਅਤੇ ਇਸ ਸਬੰਧ ‘ਚ ਇਕ ਵੀਡੀਓ ਵੀ ਜਾਰੀ ਕੀਤੀ ਹੈ। ਮੈਨਚੈਸਟਰ ‘ਚ ਇਸ ਵੀਡੀਓ ਦਾ ਪਹਿਲੀ ਵਾਰ ਇਸਤੇਮਾਲ ਕੀਤਾ ਗਿਆ ਜਿਸ ‘ਚ ਉਹ ਵੱਖ-ਵੱਖ ਪ੍ਰਚਾਰ ਪ੍ਰੋਗਰਾਮਾਂ ‘ਚ ਅਤੇ ਪਾਰਟੀ ਮੈਂਬਰਾਂ ਨੂੰ ਸੰਬੋਧਿਤ ਕਰਦੇ ਨਜ਼ਰ ਆ ਰਹੇ ਹਨ। ਪਾਰਟੀ ਮੈਂਬਰ ਜਿਸ ਨੂੰ ਵੀ ਨੇਤਾ ਚੁਣਨਗੇ ਉਹ ਪੰਜ ਸਤੰਬਰ ਨੂੰ ਬ੍ਰਿਟਿਸ਼ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲੇਗਾ। ਸੁਨਕ ਨੇ ਇਸ ਵੀਡੀਓ ਨਾਲ ਟਵੀਟ ਕੀਤਾ ਕਿ ਮੈਂ ਆਖਿਰੀ ਦਿਨ ਤੱਕ ਇਕ-ਇਕ ਵੋਟ ਲਈ ਲੜਦਾ ਰਹਾਂਗਾ। ਜਾਨਸਨ ਦਾ ਉੱਤਰਾਧਿਕਾਰੀ ਬਣਨ ਲਈ ਪਿਛਲੇ 30 ਦਿਨਾਂ ‘ਚ ਚੋਣ ਪ੍ਰਚਾਰ ਮੁਹਿੰਮ ‘ਚ ਸੁਨਕ 16000 ਪਾਰਟੀ ਮੈਂਬਰਾਂ ਨਾਲ ਸੰਪਰਕ ਕਰਨ ਲਈ 100 ਪ੍ਰੋਗਰਾਮ ਕਰ ਚੁੱਕੇ ਹਨ। ਇਸ ਵੀਡੀਓ ‘ਚ ਭਾਰਤੀ ਮੂਲ ਦੇ 42 ਸਾਲਾ ਸਾਬਕਾ ਬ੍ਰਿਟਿਸ਼ ਮੰਤਰੀ ਵੋਟਰਾਂ ਨਾਲ ਗੱਲਬਾਤ ਕਰ ਰਹੇ ਹਨ। ਉਹ ਹਲਕੀ ਝਪਕੀ ਵੀ ਲੈਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਪਿੱਛੇ ਤੋਂ ਆਵਾਜ਼ ਆ ਰਹੀ ਹੈ, ‘ਹਰ ਇਕ ਇੰਚ ਲਈ ਲੜਾਈ।’ ਉਸ ‘ਚ ਸੁਣਾਈ ਦੇ ਰਿਹਾ ਹੈ ਕਿ ਉਹ ਕਹਿੰਦੇ ਹਨ ਕਿ ਅੰਡਰਡਾਗ ਤੋਂ ਸਾਵਧਾਨ ਹੋ ਜਾਓ ਕਿਉਂਕਿ ਅੰਡਰਡਾਗ ਦੇ ਕੋਲ ਗੁਆਉਣ ਲਈ ਕੁਝ ਨਹੀਂ ਹੁੰਦਾ। ਇਕ ਅੰਡਰਡਾਗ ਹਰ ਇੰਚ ਲਈ ਲੜਦਾ ਹੈ। ਉਸ ‘ਚ ਕਿਹਾ ਗਿਆ ਹੈ ਕਿ ਉਹ ਸਖਤ ਮਿਹਨਤ ਕਰਦੇ ਹਨ, ਲੰਬੇ ਸਮੇਂ ਤੋਂ ਟਿਕੇ ਰਹਿੰਦੇ ਹਨ, ਚੰਗੇ ਤਰੀਕੇ ਨਾਲ ਸੋਚਦੇ ਹਨ, ਅੰਡਰਡਾਗ ਮੈਦਾਨ ਨਹੀਂ ਛੱਡਦੇ ਹਨ, ਉਹ ਸਖਤ ਕੰਮ ਕਰਨਗੇ। ਹਾਲ ਦੇ ਸਰਵੇਖਣਾਂ ਅਤੇ ਸੱਟੇਬਾਜ਼ਾਂ ਮੁਤਾਬਕ ਟ੍ਰਸ ਦੀ ਜਿੱਤ ਦੀ ਸੰਭਾਵਨਾ ਹੈ। ਉਹ ਬ੍ਰਿਟੇਨ ‘ਚ ਵਧਦੀਆਂ ਕੀਮਤਾਂ ਦਰਮਿਆਨ ਆਰਥਿਕ ਸੰਕਟ ਲਈ ਹੱਲ ਲਈ ਟੈਕਸ ਕਟੌਤੀ ਯੋਜਨਾ ਦੀ ਮੁਹਿੰਮ ਚਲਾ ਰਹੀ ਹੈ।