ਬੋਰਿਸ ਜਾਨਸਨ ਦੀ ਥਾਂ ਲੈਣ ਜਾ ਰਹੇ ਦਾਅਵੇਦਾਰਾਂ ’ਚੋਂ ਭਾਰਤੀ ਮੂਲ ਦੇ ਰਿਸ਼ੀ ਸੂਨਕ ਸਰਵੇਖਣ ’ਚ ਵੀ ਮੂਹਰੇ ਨਜ਼ਰ ਆ ਰਹੇ ਹਨ। ਬਰਤਾਨੀਆ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਸਮਰਥਕ ਵੋਟਰਾਂ ਵਿਚੋਂ ਲਗਭਗ ਅੱਧਿਆਂ ਦਾ ਮੰਨਣਾ ਹੈ ਕਿ ਰਿਸ਼ੀ ਸੂਨਕ ਇਕ ਚੰਗੇ ਪ੍ਰਧਾਨ ਮੰਤਰੀ ਹੋਣਗੇ। ਇਕ ਨਵੇਂ ਚੋਣ ਸਰਵੇਖਣ ’ਚ ਇਹ ਦਾਅਵਾ ਕੀਤਾ ਗਿਆ ਹੈ। ‘ਦਿ ਸੰਡੇ ਟੈਲੀਗ੍ਰਾਫ’ ਦੀ ਇਕ ਖ਼ਬਰ ਮੁਤਾਬਕ ਜੇ.ਐੱਲ. ਪਾਰਟਨਰਜ਼ ਵੱਲੋਂ ਕੀਤੇ ਗਏ ਇਕ ਚੋਣ ਸਰਵੇਖਣ ’ਚ 4400 ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਇਸ ’ਚ ਇਹ ਉੱਭਰ ਕੇ ਸਾਹਮਣੇ ਆਇਆ ਕਿ 2019 ਦੀਆਂ ਆਮ ਚੋਣਾਂ ’ਚ ਕੰਜ਼ਰਵੇਟਿਵ ਪਾਰਟੀ ਦਾ ਸਮਰਥਨ ਕਰਨ ਵਾਲਿਆਂ ਵਿੱਚੋਂ 48 ਪ੍ਰਤੀਸ਼ਤ ਦਾ ਮੰਨਣਾ ਹੈ ਕਿ ਭਾਰਤੀ ਮੂਲ ਦੇ ਬਰਤਾਨਵੀ ਨਾਗਰਿਕ ਸੂਨਕ ਇਕ ਚੰਗੇ ਪ੍ਰਧਾਨ ਮੰਤਰੀ ਸਾਬਿਤ ਹੋਣਗੇ। ਇਹ ਪਹਿਲਾ ਸਰਵੇਖਣ ਹੈ ਜਿਸ ’ਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌਡ਼ ’ਚ ਸ਼ਾਮਲ ਵਿਦੇਸ਼ ਮੰਤਰੀ ਲਿਜ਼ ਟਰੱਸ ਨੂੰ ਦੂਜੇ ਸਥਾਨ ਉਤੇ ਰੱਖਿਆ ਗਿਆ ਹੈ। ਸਰਵੇਖਣ ’ਚ ਸ਼ਾਮਲ ਵਿਅਕਤੀਆਂ ਵਿੱਚੋਂ 39 ਪ੍ਰਤੀਸ਼ਤ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਟਰੱਸ ਦਾ ਤੇ 33 ਪ੍ਰਤੀਸ਼ਤ ਨੇ ਵਪਾਰ ਮੰਤਰੀ ਪੈਨੀ ਮੌਰਡੌਂਟ ਦਾ ਸਮਰਥਨ ਕੀਤਾ ਹੈ। ਕੰਜ਼ਰਵੇਟਿਵ ਪਾਰਟੀ ਦੇ ਅਗਲੇ ਚੋਟੀ ਦੇ ਆਗੂ ਲਈ ਮੁਕਾਬਲਾ ਹੁਣ ਇਨ੍ਹਾਂ ਤਿੰਨਾਂ ਉਮੀਦਵਾਰਾਂ ਉਤੇ ਕੇਂਦਰਿਤ ਹੋ ਗਿਆ ਹੈ।