ਲੁਧਿਆਣਾ ਦੇ ਡਿਪਟੀ ਕਮਿਸ਼ਨਰ ‘ਚ ਸਾਬਕਾ ਫੌਜੀਆਂ ਦੇ ਇਕ ਪ੍ਰਦਰਸ਼ਨ ਦੌਰਾਨ ਭਾਜੜਾਂ ਪੈ ਗਈਆਂ ਕਿਉਂਕਿ ਮੁੱਖ ਮੰਤਰੀ ਦਾ ਪੁਤਲਾ ਫੂਕਣ ਮੌਕੇ ਅਚਾਨਕ ਅੱਗ ਭੜਕ ਗਈ। ਇਸ ਅੱਗ ਦੀ ਲਪੇਟ ‘ਚ ਇਕ ਸਾਬਕਾ ਫੌਜੀ ਵੀ ਆ ਗਿਆ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਜੀ.ਓ.ਜੀ. ਹਟਾਉਣ ਦੇ ਫ਼ੈਸਲੇ ਖ਼ਿਲਾਫ਼ ਪ੍ਰਦਰਸ਼ਨ ਕਰਨ ਲਈ ਇਕੱਠੇ ਹੋਏ ਸਾਬਕਾ ਫੌਜੀ ਮੁੱਖ ਮੰਤਰੀ ਦਾ ਪੁਤਲਾ ਫੂਕ ਰਹੇ ਸਨ ਅਤੇ ਜਦੋਂ ਪੁਤਲੇ ਨੂੰ ਅੱਗ ਲਾਉਣ ਲੱਗੇ ਤਾਂ ਅੱਗ ਅਚਾਨਕ ਭੜਕ ਗਈ। ਅਸਲ ‘ਚ ਪੁਤਲੇ ‘ਤੇ ਪੈਟਰੋਲ ਛਿੜਕਿਆ ਗਿਆ ਸੀ ਜਿਸ ਨੇ ਅੱਗ ਨੂੰ ਇਕਦਮ ਫੜ ਲਿਆ। ਇਸ ਦੌਰਾਨ ਇਕ ਸਾਬਕਾ ਫੌਜੀ ਦੇ ਹੱਥ ਨੂੰ ਅੱਗ ਨੇ ਲਪੇਟ ‘ਚ ਲੈ ਲਿਆ। ਹਾਲਾਂਕਿ ਅੱਗ ‘ਤੇ ਸਾਥੀਆਂ ਨੇ ਸਮਾਂ ਰਹਿੰਦੇ ਹੀ ਕਾਬੂ ਪਾ ਲਿਆ ਤੇ ਸਾਬਕਾ ਫੌਜੀ ਦਾ ਬਚਾਅ ਹੋ ਗਿਆ। ਇਸ ਮਗਰੋਂ ਵੀ ਸਾਬਕਾ ਫੌਜੀਆਂ ਨੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਜਾਰੀ ਰੱਖਿਆ। ਹਾਦਸੇ ‘ਚ ਜ਼ਖਮੀ ਹੋਏ ਸਾਬਕਾ ਫੌਜੀ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਨੂੰ ਛੁੱਟੀ ਦੇ ਦਿੱਤੀ ਗਈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਪਣਾ ਅੰਦੋਲਨ ਤੇਜ਼ ਕਰਨ ਲਈ ਮਜਬੂਰ ਹੋਣਗੇ। ਸੇਵਾਮੁਕਤ ਕਰਨਲ ਐੱਚ.ਐੱਸ. ਕਾਹਲੋਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੌਰਾਨ ਜੀ.ਓ.ਜੀ. ਗਾਰਡੀਅਨ ਆਫ਼ ਗਵਰਨੈਸ ਸਕੀਮ ਚਲਾਈ ਗਈ ਸੀ। ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ‘ਤੇ ਅਪਮਾਨਜਨਕ ਟਿੱਪਣੀ ਕੀਤੀ ਗਈ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।