ਫੀਫਾ ਵਰਲਡ ਕੱਪ 2022 ‘ਚ ਪੁਰਤਗਾਲ ਵੀ ਉਲਟਫੇਰ ਦਾ ਸ਼ਿਕਾਰ ਹੋ ਗਿਆ ਹੈ। ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਲਈ ਕੁਆਰਟਰ ਫਾਈਨਲ ‘ਚ ਮੋਰੱਕੋ ਦਾ ਸਾਹਮਣਾ ਕਰ ਰਹੇ ਪੁਰਤਗਾਲ ਨੂੰ ਅਹਿਮ ਮੈਚ ‘ਚ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਟੀਮ ਦੇ ਸਟਾਰ ਫੁੱਟਬਾਲਰ ਰੋਨਾਲਡੋ ਨੂੰ ਇਕ ਵਾਰ ਫਿਰ ਸ਼ੁਰੂਆਤੀ ਪਲੇਇੰਗ-11 ‘ਚ ਸ਼ਾਮਲ ਨਹੀਂ ਕੀਤਾ ਗਿਆ। ਉਹ 64ਵੇਂ ਮਿੰਟ ਵਿਚ ਮੈਦਾਨ ‘ਚ ਦਾਖਲ ਹੋਇਆ। ਉਸ ਨੇ ਕੁਝ ਚੰਗੇ ਸ਼ਾਟ ਲਗਾਏ ਪਰ ਮੋਰੱਕੋ ਦੇ ਮਜ਼ਬੂਤ ਡਿਫੈਂਸ ਕਾਰਨ ਉਹ ਗੋਲ ਕਰਨ ‘ਚ ਸਫਲ ਨਹੀਂ ਹੋ ਸਕਿਆ। ਇਹ ਰੋਨਾਲਡੋ ਦਾ ਆਖਰੀ ਵਿਸ਼ਵ ਕੱਪ ਹੋ ਸਕਦਾ ਹੈ। ਆਪਣੇ ਦੇਸ਼ ਨੂੰ ਚੈਂਪੀਅਨ ਬਣਦੇ ਦੇਖਣ ਦਾ ਉਸ ਦਾ ਸੁਪਨਾ ਹੁਣ ਸੁਪਨਾ ਹੀ ਰਹਿ ਗਿਆ। ਮੋਰੱਕੋ ਲਈ ਯੂਸਫ ਐਨ-ਨੇਸਰੀ ਨੇ 42ਵੇਂ ਮਿੰਟ ‘ਚ ਗੋਲ ਕਰਕੇ ਮੋਰੱਕੋ ਨੂੰ ਬੜ੍ਹਤ ਦਿਵਾਈ। ਮੈਚ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਮੋਰੱਕੋ ਦੀ ਟੀਮ ਘੱਟ ਮੌਕੇ ਮਿਲਣ ਦੇ ਬਾਵਜੂਦ ਮੈਚ ਜਿੱਤਣ ‘ਚ ਕਾਮਯਾਬ ਰਹੀ। ਅੰਕੜਿਆਂ ਮੁਤਾਬਕ ਪੂਰੇ ਮੈਚ ‘ਚ 74 ਫੀਸਦੀ ਗੇਂਦ ‘ਤੇ ਪੁਰਤਗਾਲ ਦਾ ਕੰਟਰੋਲ ਰਿਹਾ ਪਰ ਇਸ ਦੇ ਬਾਵਜੂਦ ਉਸ ਦੇ ਖਿਡਾਰੀ ਇਕ ਵੀ ਗੋਲ ਨਹੀਂ ਕਰ ਸਕੇ। ਇਸੇ ਤਰ੍ਹਾਂ ਪੁਰਤਗਾਲ 663 ਪਾਸਾਂ ਨਾਲ ਅੱਗੇ ਰਿਹਾ, ਜਦਕਿ ਮੋਰੱਕੋ ਦੇ ਖਿਡਾਰੀਆਂ ਨੇ 248 ਪਾਸਾਂ ‘ਚ ਹੀ ਜਿੱਤ ਆਪਣੇ ਨਾਂ ਕਰ ਲਈ। ਇਸੇ ਤਰ੍ਹਾਂ ਇਕ ਹੋਰ ਕੁਆਰਟਰ ਫਾਈਨਲ ਮੈਚ ਇੰਗਲੈਂਡ ਤੇ ਮੌਜੂਦਾ ਚੈਂਪੀਅਨ ਫਰਾਂਸ ਵਿਚਾਲੇ ਖੇਡਿਆ ਗਿਆ। ਮੈਚ ਬਹੁਤ ਰੋਮਾਂਚਕ ਰਿਹਾ ਜਿਸ ‘ਚ ਫਰਾਂਸ ਨੇ ਸ਼ਾਨਦਾਰ ਅੰਦਾਜ਼ ‘ਚ 2-1 ਨਾਲ ਜਿੱਤ ਦਰਜ ਕੀਤੀ। ਫਰਾਂਸ ਨੇ ਵਰਲਡ ਕੱਪ ‘ਚ ਪਹਿਲੀ ਵਾਰ ਇੰਗਲੈਂਡ ਨੂੰ ਹਰਾਇਆ ਹੈ। ਇਸ ਜਿੱਤ ਨਾਲ ਫਰਾਂਸ ਨੇ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਉਸ ਦਾ ਮੁਕਾਬਲਾ ਮੋਰੱਕੋ ਨਾਲ ਹੋਵੇਗਾ। ਫਰਾਂਸ ਅਤੇ ਮੋਰੱਕੋ ਵਿਚਾਲੇ ਸੈਮੀਫਾਈਨਲ ਮੈਚ 14 ਦਸੰਬਰ ਨੂੰ ਦੁਪਹਿਰ 12.30 ਵਜੇ ਖੇਡਿਆ ਜਾਵੇਗਾ।