ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀ.ਵੀ. ਸਿੰਧੂ ਸੱਟ ਤੋਂ ਉਭਰਨ ਮਗਰੋਂ ਵਾਪਸੀ ਕਰਦਿਆਂ ਪਹਿਲੇ ਹੀ ਗੇੜ ‘ਚ ਹਾਰ ਗਈ ਜਦਕਿ ਲੈਅ ‘ਚ ਚੱਲ ਰਹੇ ਇੰਡੀਆ ਦੇ ਐੱਚ.ਐੱਸ ਪ੍ਰਣੌਏ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਮਲੇਸ਼ੀਆ ਓਪਨ ਸੁਪਰ 1000 ਟੂਰਨਾਮੈਂਟ ਦੇ ਰੋਮਾਂਚਕ ਮੁਕਾਬਲੇ ‘ਚ ਆਪਣੇ ਹਮਵਤਨੀ ਲਕਸ਼ੈ ਸੇਨ ਨੂੰ ਹਰਾ ਦਿੱਤਾ। ਛੇਵਾਂ ਦਰਜਾ ਪ੍ਰਾਪਤ ਸਿੰਧੂ ਨੂੰ ਰੀਓ ਓਲੰਪਿਕ ਚੈਂਪੀਅਨ ਸਪੇਨ ਦੀ ਕੈਰੋਲੀਨਾ ਮਾਰਿਨ ਨੇ 21-12, 21-10, 21-15 ਨਾਲ ਹਰਾਇਆ। ਇਸ ਤੋਂ ਪਹਿਲਾਂ ਪ੍ਰਣੌਏ ਨੇ ਇਕ ਗੇਮ ਪਛੜਨ ਮਗਰੋਂ ਵਾਪਸੀ ਕਰਦਿਆਂ ਸੇਨ ਨੂੰ 22-24, 21-12, 21-18 ਨਾਲ ਹਰਾਇਆ। ਇਸ ਤੋਂ ਇਲਾਵਾ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਵੀ ਕੋਰੀਆ ਦੇ ਚੋਈ ਸੋਲ ਯੂ ਅਤੇ ਕਿਮ ਵੋਨ ਹੋ ਦੀ ਜੋੜੀ ਨੂੰ 21-16, 21-13 ਨਾਲ ਹਰਾ ਕੇ ਪ੍ਰੀ ਕੁਆਰਟਰ ਫਾਈਨਲ ‘ਚ ਪਹੁੰਚ ਗਏ ਹਨ। ਉਧਰ ਮਾਲਵਿਕਾ ਬੰਸੋਡ ਪਹਿਲੇ ਗੇੜ ‘ਚ ਕੋਰੀਆ ਦੀ ਐਨ ਸੇ ਯੰਗ ਤੋਂ 9-21, 13-21 ਨਾਲ ਹਾਰ ਗਈ। ਮਹਿਲਾ ਡਬਲਜ਼ ‘ਚ ਅਸ਼ਵਨੀ ਭੱਟ ਅਤੇ ਸ਼ਿਖਾ ਗੌਤਮ ਨੂੰ ਪਹਿਲੇ ਗੇੜ ‘ਚ ਥਾਈਲੈਂਡ ਦੀ ਐੱਸ ਪਾਏਸੰਪ੍ਰਾਨ ਅਤੇ ਪੂਟੀਤਾ ਐੱਸ ਤੋਂ 10-21, 12-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।