ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਸਾਢੇ ਛੇ ਮਹੀਨੇ ਬਾਅਦ ਵੀ ਉਸ ਦੇ ਪਿੰਡ ਸਥਿਤ ਘਰ ‘ਚ ਹਰ ਐਤਵਾਰ ਲੋਕਾਂ ਤੇ ਪ੍ਰਸ਼ੰਸਕਾਂ ਦਾ ਉਸੇ ਤਰ੍ਹਾਂ ਆਉਣ ਜਾਰੀ ਹੈ। ਹਰ ਹਫਤੇ ਵਾਂਗ ਇਨ੍ਹਾਂ ਪ੍ਰਸ਼ੰਸਕਾਂ ਨੂੰ ਸਿੱਧੂ ਦੇ ਪਿਆ ਬਲਕੌਰ ਸਿੰਘ ਸਿੱਧੂ ਅਤੇ ਮਾਂ ਚਰਨ ਕੌਰ ਨੇ ਸੰਬੋਧਨ ਕੀਤਾ। ਬਲਕੌਰ ਸਿੰਘ ਨੇ ਕਿਹਾ ਕਿ ਕੋਈ ਪੁੱਤ ਦੇ ਸੱਥਰ ਤੋਂ ਉੱਠ ਕੇ ਲੀਡਰ ਨਹੀਂ ਬਣ ਸਕਦਾ, ਪਰ ਜੇਕਰ ਪੁੱਤ ਦੇ ਇਨਸਾਫ਼ ਲਈ ਉਨ੍ਹਾਂ ਨੂੰ ਸਿਆਸਤਦਾਨ ਵੀ ਬਣਨਾ ਪਿਆ ਤਾਂ ਉਹ ਝਿਜਕਣਗੇ ਨਹੀਂ। ਬਲਕੌਰ ਸਿੰਘ ਨੇ ਕਿਹਾ ਕਿ ਗੁੰਮਰਾਹ ਹੋਏ ਗੈਂਗਸਟਰਾਂ ਕਰਕੇ ਇਕ ਸਿੱਧੂ ਚਲਾ ਗਿਆ ਹੈ, ਪਰ ਉਹ ਨਹੀਂ ਚਾਹੁੰਦੇ ਕਿ ਪੰਜਾਬ ‘ਚ ਹੋਰ ਕਿਸੇ ਮਾਂ ਦਾ ਪੁੱਤ ਅਣਆਈ ਮੌਤ ਮਰੇ। ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕ ਬੱਬੂ ਮਾਨ ਨੇ ਮਾਨਸਾ ਪੁਲੀਸ ਵੱਲੋਂ ਕੀਤੀ ਗਈ ਪੁੱਛ-ਪੜਤਾਲ ਮਗਰੋਂ ਕਿਹਾ ਹੈ ਕਿ ਉਸ ਦਾ ਸਿੱਧੂ ਮੂਸੇਵਾਲਾ ਨਾਲ ਕੋਈ ਝਗੜਾ ਨਹੀਂ ਸੀ, ਸਿਰਫ਼ ਸਟੇਜੀ ਰੌਲਾ ਸੀ। ਬਲਕੌਰ ਸਿੰਘ ਨੇ ਕਿਹਾ ਕਿ ਥੋੜ੍ਹੇ ਸਮੇਂ ‘ਚ ਸਿੱਧੂ ਮੂਸੇਵਾਲਾ ਵੱਲੋਂ ਪ੍ਰਾਪਤ ਕੀਤੀ ਗਈ ਬੁਲੰਦੀ ਕਾਰਨ ਬੱਬੂ ਮਾਨ ਸਣੇ ਕਈ ਵੱਡੇ ਗਾਇਕ ਉਸ ਤੋਂ ਖਾਰ ਖਾਣ ਲੱਗੇ ਸਨ। ਬਲਕੌਰ ਸਿੰਘ ਨੇ ਦੱਸਿਆ ਕਿ ਦਿੜ੍ਹਬਾ ‘ਚ ਇਕ ਸ਼ੋਅ ਦੌਰਾਨ ਦੋਹਾਂ ਵਿਚਾਲੇ ਸਮੱਸਿਆ ਸ਼ੁਰੂ ਹੋਈ ਸੀ। ਉਨ੍ਹਾਂ ਦੱਸਿਆ ਕਿ ਵਿੱਕੀ ਮਿੱਢੂਖੇੜਾ ਦੇ ਕਤਲ ਤੋਂ ਬਾਅਦ ਉਹ ਖ਼ੁਦ ਸ਼ੁਭਦੀਪ ਸਿੰਘ ਨੂੰ ਨਾਲ ਲੈ ਕੇ ਉਨ੍ਹਾਂ ਦੇ ਘਰ ਅਫ਼ਸੋਸ ਕਰ ਕੇ ਆਏ ਸਨ, ਪਰ ਮਿੱਡੂਖੇੜਾ ਦੇ ਘਰ ਦਾ ਕੋਈ ਵੀ ਜੀਅ ਹੁਣ ਤੱਕ ਉਨ੍ਹਾਂ ਕੋਲ ਦੁੱਖ ਪ੍ਰਗਟ ਕਰਨ ਨਹੀਂ ਆਇਆ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਕੋਲ ਕੀਤੀਆਂ ਗਈਆਂ ਝੂਠੀਆਂ ਸ਼ਿਕਾਇਤਾਂ ਕਰ ਕੇ ਹੀ ਸ਼ੁਭਦੀਪ ਸਿੰਘ ਦੀ ਜਾਨ ਗਈ ਹੈ। ਇਸੇ ਦੌਰਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੇ ਕਤਲ ਤੋਂ ਬਾਅਦ ਪਹਿਲੀ ਵਾਰ ਖੁੱਲ੍ਹ ਕੇ ਸਾਹਮਣੇ ਆਏ ਗਾਇਕ ਮਨਕੀਰਤ ਔਲਖ ਨੇ ਕਿਹਾ, ‘ਸਿੱਧੂ ਮੇਰਾ ਛੋਟਾ ਭਰਾ ਸੀ, ਮੇਰਾ ਉਸ ਦੇ ਕਤਲ ‘ਚ ਕੋਈ ਹੱਥ ਨਹੀਂ ਹੈ। ਇਹ ਸਾਰੀ ਰੰਗਤ ਸੋਸ਼ਲ ਮੀਡੀਆ ਨੇ ਦਿੱਤੀ ਹੈ।’ ਮਨਕੀਰਤ ਔਲਖ ਨੇ ਅੱਜ ਇਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਕਿਹਾ ਕਿ ਸੋਸ਼ਲ ਮੀਡੀਆ ਨੇ ਸਿੱਧੂ ਖ਼ਿਲਾਫ਼ ਉਸ ਨੂੰ ਰੱਜ ਕੇ ਭੰਡਿਆ ਹੈ। ਮਨਕੀਰਤ ਨੇ ਕਿਹਾ ਕਿ ਪੁਲੀਸ ਜਾਂਚ ਤੋਂ ਬਾਅਦ ਉਹ ਸਿੱਧੂ ਤੇ ਪਰਿਵਾਰ ਨੂੰ ਮਿਲ ਕੇ ਸਾਰੀ ਸਥਿਤੀ ਸਪੱਸ਼ਟ ਕਰ ਦੇਵੇਗਾ। ਉਸ ਨੇ ਕਿਹਾ ਕਿ ਉਸ ਨੂੰ ਵੀ ਧਮਕੀਆਂ ਮਿਲ ਰਹੀਆਂ ਹਨ, ਇਸ ਵਾਸਤੇ ਫਿਲਹਾਲ ਉਸ ਨੇ ਸਾਰੇ ਸ਼ੋਅ ਰੱਦ ਕਰ ਦਿੱਤੇ ਹਨ ਤੇ ਗਾਉਣਾ ਵੀ ਬੰਦ ਕਰ ਦਿੱਤਾ ਹੈ।