29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤੇ ਗਏ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ ’ਚ ਲਾਏ ਗਏ ਬੁੱਤ ਦੇ ਗੁੱਟ ’ਤੇ ਕੁਡ਼ੀਆਂ ਦੂਰੋਂ ਨੇਡ਼ਿਓਂ ਪਹੁੰਚ ਕੇ ਰੱਖਡ਼ੀ ਤੋਂ ਪਹਿਲਾਂ ਰੱਖਡ਼ੀਆਂ ਬੰਨ੍ਹਣ ਲੱਗੀਆਂ ਹਨ। ਰੱਖਡ਼ੀ ਦੇ ਤਿਉਹਾਰ ਤੋਂ ਪਹਿਲਾਂ ਹੀ ਕੁਡ਼ੀਆਂ ਨੇ ਪਿੰਡ ਮੂਸਾ ’ਚ ਲੱਗੇ ਗਾਇਕ ਦੇ ਬੁੱਤ ਦੇ ਗੁੱਟ ’ਤੇ ਰੱਖਡ਼ੀਆਂ ਬੰਨ੍ਹਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਰੱਖਡ਼ੀ ਬੰਨ੍ਹਣ ਤੋਂ ਬਾਅਦ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਔਰਤਾਂ ਕਹਿ ਰਹੀਆਂ ਹਨ ਕਿ ਸਿੱਧੂ ਵਰਗਾ ਪੁੱਤ ਹਰੇਕ ਮਾਂ ਨੂੰ ਅਤੇ ਭਰਾ ਹਰ ਭੈਣ ਨੂੰ ਮਿਲੇ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਭਾਵੇਂ ਦੋ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਹੈ ਪਰ ਉਸ ਨੂੰ ਚਾਹੁਣ ਵਾਲਿਆਂ ਦੇ ਦਿਲਾਂ ’ਚ ਪਿਆਰ ਦੀ ਭਾਵਨਾ ਅਜੇ ਘੱਟ ਨਹੀਂ ਹੋਈ ਹੈ। ਸਿੱਧੂ ਮੂਸੇਵਾਲਾ ਦੇ ਗੁੱਟ ’ਤੇ ਰੱਖਡ਼ੀ ਬੰਨ੍ਹਣ ਲਈ ਪਿੰਡ ਮੂਸਾ ਤੋਂ ਇਕ ਬੱਚੀ ਚਾਹਤ ਸਿੱਧੂ ਆਪਣੇ ਪਿਤਾ ਬਲਵੀਰ ਸਿੰਘ ਸਿੱਧੂ ਨਾਲ ਪੁੱਜੀ। ਜ਼ਿਕਰਯੋਗ ਹੈ ਕਿ ਇਹ ਬੱਚੀ ਸਿੱਧੂ ਮੂਸੇਵਾਲਾ ਨਾਲ ਖੇਡਦੀ ਵੀ ਰਹੀ ਹੈ। ਇਸੇ ਤਰ੍ਹਾਂ ਚੰਡੀਗਡ਼੍ਹ ਤੋਂ ਆਈ ਮਹਿਲਾ ਕੁਸੁਮ ਰਾਣੀ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੂੰ ਰੱਖਡ਼ੀ ਬੰਨ੍ਹ ਕੇ ਦਿਲ ਨੂੰ ਸਕੂਨ ਮਿਲਿਆ ਹੈ ਕਿਉਂਕਿ ਉਹ ਹਰ ਮਾਂ ਦਾ ਚੰਗਾ ਪੁੱਤਰ ਅਤੇ ਹਰ ਭੈਣ ਦਾ ਚੰਗਾ ਭਰਾ ਸੀ। ਬਠਿੰਡਾ ਦੇ ਪਿੰਡ ਬਹਿਮਣ ਜੱਸਾ ਤੋਂ ਪਹੁੰਚੀ ਛੋਟੀ ਬੱਚੀ ਮਹਿਕਪ੍ਰੀਤ ਕੌਰ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਮੇਰਾ ਵੱਡਾ ਵੀਰ ਸੀ ਅਤੇ ਸਾਰੀ ਦੁਨੀਆ ਉਸ ਦੀ ਫੈਨ ਹੈ। ਉਸ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਰੱਖਡ਼ੀ ਬੰਨ੍ਹਣ ਆਈ ਹੈ। ਹੋਰ ਵੀ ਕਈ ਕੁਡ਼ੀਆਂ ਨੇ ਰੱਖਡ਼ੀ ਬੰਨ੍ਹੀ।