ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਸੰਕਟ ‘ਚੋਂ ਲੰਘ ਰਿਹਾ ਹੈ ਅਤੇ 9 ਨਵੰਬਰ ਨੂੰ ਹੋਣ ਵਾਲੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ‘ਚ ਉਹ ਹਰ ਹਾਲ ਜਿੱਤ ਯਕੀਨੀ ਬਣਾਉਣਾ ਚਾਹੁੰਦਾ ਹੈ। ਬੀਬੀ ਜਗੀਰ ਕੌਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਲਈ ਡਟਣ ਤੋਂ ਬਾਅਦ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਇਸੇ ਲਦੀ ਸ਼੍ਰੋਮਣੀ ਕਮੇਟੀ ਦੇ ਅੱਠ ਜ਼ਿਲ੍ਹਿਆਂ ਦੇ 36 ਵਿੱਚੋਂ 30 ਦੇ ਕਰੀਬ ਮੈਂਬਰਾਂ ਨੇ ਪਿੰਡ ਬਾਦਲ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਲ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕੀਤੀ। ਇਸ ਮੌਕੇ ਮਾਨਸਾ, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਨਾਲ ਸਬੰਧਤ ਮੈਂਬਰ ਮੌਜੂਦ ਸਨ। ਸੂਤਰਾਂ ਮੁਤਾਬਕ ਬਾਕੀ ਗੈਰਹਾਜ਼ਰ ਮੈਂਬਰਾਂ ਨੇ ਵੀ ਫੋਨ ‘ਤੇ ਪਾਰਟੀ ਹਾਈਕਮਾਂਡ ਨਾਲ ਇਕਜੁੱਟਤਾ ਪ੍ਰਗਟਾਈ ਹੈ। ਇਸ ਮੌਕੇ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਵੀ ਮੌਜੂਦ ਸਨ। ਮਲੂਕਾ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਹੇਠ ਸਮੂਹ ਮੈਂਬਰ ਚੜ੍ਹਦੀ ਕਲਾ ‘ਚ ਹਨ। ਮੀਟਿੰਗ ‘ਚ ਵਿਰਸਾ ਸਿੰਘ ਵਲਟੋਹਾ, ਨਵਤੇਜ ਸਿੰਘ ਕਾਉਣੀ, ਬੀਬੀ ਕਿਰਨਜੀਤ ਕੌਰ ਭੁੱਲਰਵਾਲਾ, ਸ਼ੇਰ ਸਿੰਘ ਮੰਡ, ਬੀਬੀ ਗੁਰਵਿੰਦਰ ਕੌਰ ਭੋਲੂਵਾਲਾ, ਗੁਰਪਾਲ ਸਿੰਘ ਗੋਰਾ, ਬੀਬੀ ਜੋਗਿੰਦਰ ਕੌਰ, ਬਾਬਾ ਬੂਟਾ ਸਿੰਘ ਬਰਨਾਲਾ, ਬਾਬਾ ਟੇਕ ਸਿੰਘ ਧਨੌਲਾ, ਦਰਸ਼ਨ ਸਿੰਘ ਮੋਠਾਂਵਾਲਾ ਤੇ ਦਰਸ਼ਨ ਸਿੰਘ ਸ਼ੇਰਖਾਨ ਮੌਜੂਦ ਸਨ।