ਆਈ.ਪੀ.ਐੱਲ. ਵਿੱਚ ਦਿੱਲੀ ਕੈਪੀਟਲਸ ਤੇ ਗੁਜਰਾਤ ਟਾਈਟਨਸ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਇਸ ਲੋਅ ਸਕੋਰਿੰਗ ਮੁਕਾਬਲੇ ‘ਚ ਕਪਤਾਨ ਹਾਰਦਿਕ ਪੰਡਯਾ ਦੀਆਂ ਅਜੇਤੂ 59 ਦੌੜਾਂ ਦੇ ਬਾਵਜੂਦ ਦਿੱਲੀ ਕੈਪੀਟਲਸ ਨੇ ਗੁਜਰਾਤ ਟਾਈਟਨਸ ਨੂੰ 5 ਦੌੜਾਂ ਨਾਲ ਹਰਾ ਦਿੱਤਾ। ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 130 ਦੌੜਾਂ ਬਣਾਈਆਂ ਸਨ ਜਿਸ ਦੇ ਜਵਾਬ ‘ਚ ਗੁਜਰਾਤ 125 ਦੌੜਾਂ ਹੀ ਬਣਾ ਸਕੀ ਤੇ 5 ਦੌੜਾਂ ਨਾਲ ਮੁਕਾਬਲਾ ਗਵਾ ਲਿਆ। ਦਿੱਲੀ ਕੈਪੀਟਲਸ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਮੁਹੰਮਦ ਸ਼ਮੀ ਨੇ ਜ਼ਬਰਦਸਤ ਗੇਂਦਬਾਜ਼ੀ ਕਰਦਿਆਂ ਦਿੱਲੀ ਕੈਪੀਟਲਸ ਨੂੰ ਸ਼ੁਰੂਆਤ ‘ਚ ਹੀ ਮੈਚ ‘ਚ ਕਾਫ਼ੀ ਪਿੱਛੇ ਧੱਕ ਦਿੱਤਾ। ਸ਼ਮੀ ਨੇ ਪਹਿਲੀ ਹੀ ਗੇਂਦ ‘ਤੇ ਸਾਲਟ ਨੂੰ ਆਊਟ ਕਰ ਦਿੱਤਾ। ਸ਼ਮੀ ਦੀ ਧਾਕੜ ਗੇਂਦਬਾਜ਼ੀ ਸਦਕਾ ਦਿੱਲੀ ਨੇ 23 ਦੌੜਾਂ ‘ਚ ਆਪਣੀਆਂ 5 ਵਿਕਟਾਂ ਗੁਆ ਦਿੱਤੀਆਂ ਸਨ। ਪਰ ਅਮਾਨ ਹਕੀਮ ਖ਼ਾਨ ਦੇ ਸ਼ਾਨਦਾਰ ਅਰਧ ਸੈਂਕੜੇ ਤੇ ਅਕਸਰ ਪਟੇਲ ਤੇ ਰਿਪਲ ਪਟੇਲ ਦੀਆਂ ਪਾਰੀਆਂ ਸਦਕਾ ਟੀਮ ਨੇ 130 ਦਾ ਸਕੋਰ ਖੜ੍ਹਾ ਕੀਤਾ। ਮੁਹੰਮਦ ਸ਼ਮੀ ਨੇ 4 ਓਵਰਾਂ ‘ਚ 11 ਦੌੜਾਂ ਦੇ ਕੇ 4 ਵਿਕਟਾਂ ਆਪਣੇ ਨਾਂ ਕੀਤੀਆਂ। ਮੋਹਿਤ ਸ਼ਰਮਾ ਨੇ 2 ਤੇ ਰਾਸ਼ਿਦ ਖ਼ਾਨ ਨੇ ਇਕ ਵਿਕਟ ਆਪਣੇ ਨਾਂ ਕੀਤੀ। 131 ਦੌੜਾਂ ਦੇ ਛੋਟੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਨੂੰ ਵੀ ਚੰਗੀ ਸ਼ੁਰੂਆਤ ਨਹੀਂ ਮਿਲੀ ਤੇ ਰਿਧੀਮਾਨ ਸਾਹਾ ਖ਼ਲੀਲ ਅਹਿਮਦ ਦੇ ਪਹਿਲੇ ਓਵਰ ‘ਚ ਹੀ ਬਿਨਾਂ ਖਾਤਾ ਖੋਲ੍ਹੇ ਪਵੇਲੀਅਨ ਪਰਤ ਗਏ। ਕਪਤਾਨ ਹਾਰਦਿਕ ਪੰਡਯਾ ਇਕ ਪਾਸੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਟਿਕੇ ਰਹੇ ਪਰ ਦੂਜੇ ਪਾਸਿਓਂ ਵਿਕਟਾਂ ਲਗਾਤਾਰ ਡਿੱਗਦੀਆਂ ਰਹੀਆਂ। ਪੰਡਯਾ ਨੇ ਅਜੇਤੂ 59 ਦੌੜਾਂ ਦੀ ਪਾਰੀ ਖੇਡੀ ਪਰ ਆਪਣੀ ਟੀਮ ਨੂੰ ਜਿੱਤ ਨਹੀਂ ਦੁਆ ਸਕੇ। ਉਨ੍ਹਾਂ ਤੋਂ ਇਲਾਵਾ ਅਖ਼ੀਰ ‘ਚ ਅਭਿਨਵ ਮਨੋਹਰ (26) ਤੇ ਰਾਹੁਲ ਤੇਵਾਤੀਆ (20) ਨੇ ਵੀ ਚੰਗੀ ਕੋਸ਼ਿਸ਼ ਕੀਤੀ ਪਰ ਬਾਕੀ ਬੱਲੇਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਕਾਰਨ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ ਮਹਿਜ਼ 125 ਦੌੜਾਂ ਹੀ ਬਣੀਆਂ।