ਪੰਜਾਬ ਵਿੱਚ ‘ਭਾਰਤ ਜੋੜੋ ਯਾਤਰਾ’ ਦੇ ਆਖ਼ਰੀ ਦਿਨ ਰਾਹੁਲ ਗਾਂਧੀ ਨੇ ਪਠਾਨਕੋਟ ‘ਚ ਵੱਡੀ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਦੇ ਨਾਲ ਕੌਮੀ ਪ੍ਰਧਾਨ ਮੱਲਿਕਾਰੁਜਨ ਖੜਗੇ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਮੌਜੂਦ ਸਨ। ਇਸ ਦੌਰਾਨ ਰੈਲੀ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਚਾਰ ਮਹੀਨੇ ਤੋਂ ‘ਭਾਰਤ ਜੋੜੋ ਯਾਤਰਾ’ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਚੱਲ ਰਹੀ ਹੈ ਅਤੇ ਅੱਜ ਸਾਡਾ ਪੰਜਾਬ ‘ਚ ਆਖ਼ਰੀ ਦਿਨ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ‘ਚ ਭਾਜਪਾ ਨੇ ਨਫ਼ਰਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਹਿੰਸਾ, ਨਫ਼ਰਤ ਅਤੇ ਡਰ ਦਾ ਮਾਹੌਲ ਸਾਰੇ ਪਾਸੇ ਹਨ। ਉਨ੍ਹਾਂ ਕਿਹਾ ਕਿ ਇਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਸਾਰੀਆਂ ਯੋਜਨਾਵਾਂ ਦਰਦ ਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਹਨ। ਮਨਰੇਗਾ, ਕਿਸਾਨਾਂ ਦਾ ਕਰਜ਼ਾ ਮੁਆਫ਼ ਆਦਿ ਵਾਸੀ ਬਿੱਲ, ਹਰੀ ਕ੍ਰਾਂਤੀ, ਸਫ਼ੈਦ ਕ੍ਰਾਂਤੀ ਜੋ ਵੀ ਅਸੀਂ ਕਰਦੇ ਹਾਂ, ਅਸੀਂ ਡਰ ਨੂੰ ਖ਼ਤਮ ਕਰਨ ਲਈ ਕਰਦੇ ਹਾਂ, ਜਦੋਂ ਕਿ ਦੂਜੇ ਪਾਰਟੀਆਂ ਜੋ ਵੀ ਕਰਦੀਆਂ ਹਨ, ਡਰ ਫੈਲਾਉਣ ਲਈ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮੀਂਹ, ਹਨ੍ਹੇਰੀ ‘ਚ ਵੀ ਕਿਸਾਨ ਆਪਣੀ ਫ਼ਸਲ ਲਈ ਮਿਹਨਤ ਕਰਦਾ ਹੈ ਅਤੇ ਦੇਸ਼ ਦਾ ਢਿੱਡ ਭਰਦਾ ਹੈ ਪਰ ਮੰਗਦਾ ਕੁਝ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਨੇ ਕਿਸਾਨਾਂ ਲਈ ਤਿੰਨ ਕਾਲੇ ਕਾਨੂੰਨ ਲੈ ਆਂਦੇ, ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਦੇ ਦਿਲਾਂ ‘ਚ ਡਰ ਪੈਦਾ ਹੋਇਆ। ਪ੍ਰਧਾਨ ਮੰਤਰੀ ਬੀਮਾ ਯੋਜਨਾ ‘ਚ ਬੀਮੇ ਲਈ ਕਿਸਾਨ ਤੋਂ ਪੈਸਾ ਲੈਂਦੇ ਹਨ ਅਤੇ ਫਿਰ ਸਰਕਾਰ ਦਾ ਪੈਸਾ ਜੋੜਦੇ ਹਨ। ਉਨ੍ਹਾਂ ਕਿਹਾ ਕਿ ਮੈਂ ਪੂਰੇ ਦੇਸ਼ ‘ਚ ਚੱਲਿਆ ਹਾਂ, ਕਿਸੇ ਇਕ ਕਿਸਾਨ ਨੇ ਮੈਨੂੰ ਇਹ ਨਹੀਂ ਕਿਹਾ ਕਿ ਸਾਡਾ ਨੁਕਸਾਨ ਹੋਇਆ ਤਾਂ ਸਾਨੂੰ ਬੀਮੇ ਦਾ ਪੈਸਾ ਮਿਲ ਗਿਆ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ‘ਚ ਹਰ ਸੂਬੇ ‘ਚ ਕਦੇ ਸੜਕਾਂ ‘ਤੇ ਸਵੇਰੇ 4 ਵਜੇ ਚੱਲੋਗੇ ਤਾਂ ਤੁਹਾਨੂੰ ਸੜਕਾਂ ‘ਤੇ ਨੌਜਵਾਨ ਫ਼ੌਜ ਦੀ ਤਿਆਰੀ ਲਈ ਦੌੜਦੇ ਦਿਖਣਗੇ, ਜੋ ਦੇਸ਼ ਸੇਵਾ ਕਰਨਾ ਚਾਹੁੰਦੇ ਹਨ। ਉਹ ਸੋਚਦੇ ਹਨ ਕਿ ਅਸੀਂ ਦੇਸ਼ ਦੀ ਸੇਵਾ ਕਰਾਂਗੇ ਤਾਂ ਸਾਡੇ ਪਰਿਵਾਰ ਦੀ ਪੈਨਸ਼ਨ ਦੇ ਰੂਪ ‘ਚ ਰੱਖਿਆ ਕੀਤੀ ਜਾਵੇਗੀ ਪਰ ਅਗਨੀਵੀਰ ਯੋਜਨਾ ਨੇ ਇਨ੍ਹਾਂ ਲੋਕਾਂ ਦਾ ਡਰ ਵਧਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਟੀ.ਵੀ. ਚੈਨਲਾਂ ‘ਤੇ ਹਰ ਵੇਲੇ ਪ੍ਰਧਾਨ ਮੰਤਰੀ ਮੋਦੀ ਦਾ ਚਿਹਰਾ ਦਿਖੇਗਾ, ਜਦੋਂ ਕਿ ਕਿਸਾਨਾਂ ਦੀਆਂ ਸਮੱਸਿਆਂ, ਨੋਟਬੰਦੀ, ਬੇਰੁਜ਼ਗਾਰੀ ਬਾਰੇ ਕੁਝ ਨਹੀਂ ਦਿਖਾਈ ਦਿੰਦਾ। ਉਨ੍ਹਾਂ ਕਿਹਾ ਕਿ ਉਹ ਦਿਲੋਂ ਪੰਜਾਬੀਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹੁਣ ਦਿੱਲੀ ਦੇ ਪਰੌਂਠਿਆਂ ਨਾਲ ਕੰਮ ਨਹੀਂ ਚੱਲਣ ਵਾਲਾ ਕਿਉਂਕਿ ਮੱਕੀ ਦੀ ਰੋਟੀ ਤੇ ਸਰ੍ਹੋਂ ਦਾ ਸਾਗ ਚੱਲੇਗਾ। ਉਨ੍ਹਾਂ ਕਿਹਾ ਕਿ ਮੈਂ ਸੋਚਦਾ ਹਾਂ ਕਿ ਮੇਰੀ ਮਾਂ ਦੀ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਪੰਜਾਬੀਆਂ ਦੇ ਖਾਣੇ ਅੱਗੇ ਫੇਲ੍ਹ ਹੈ। ਉਨ੍ਹਾਂ ਕਿਹਾ ਕਿ ਮੈਂ ਦੱਸਣਾ ਚਾਹੁੰਦਾ ਹਾਂ ਕਿ ਪੰਜਾਬੀਆਂ ਦਾ ਜੋ ਇਤਿਹਾਸ ਹੈ, ਉਸ ਦਾ ਮੈਂ ਆਦਰ ਕਰਦਾ ਹਾਂ ਅਤੇ ਮੈਂ ਸਿਰ ਝੁਕਾਉਂਦਾ ਹਾਂ। ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਪੰਜਾਬ ਨੂੰ ਰਿਮੋਟ ਕੰਟਰੋਲ ਨਾਲ ਨਾ ਚੱਲਣ ਦੇਵੋ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਮਾਨ ਦਾ ਸਤਿਕਾਰ ਕਰਦੇ ਹਨ ਪਰ ਪੰਜਾਬ ਨੂੰ ਦਿੱਲੀ ਤੋਂ ਨਹੀਂ ਚਲਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕਾਂਗਰਸ ਪਾਰਟੀ ਲੜੇਗੀ ਅਤੇ ਆਮ ਆਦਮੀ ਪਾਰਟੀ ਨੂੰ ਹਰਾਵੇਗੀ ਪਰ ਫਿਰ ਵੀ ਭਗਵੰਤ ਮਾਨ ਉਨ੍ਹਾਂ ਨੂੰ ਵਧੀਆ ਲੱਗਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਹੈ ਅਤੇ ਨਫ਼ਰਤ ਦੇ ਬਾਜ਼ਾਰ ‘ਚ ਮੁਹੱਬਤ ਦੀ ਦੁਕਾਨ ਖੋਲ੍ਹਣ ਲਈ ਸਾਰੇ ਪੰਜਾਬੀਆਂ ਦਾ ਉਹ ਸ਼ੁਕਰੀਆ ਕਹਿੰਦੇ ਹਨ।