ਇੰਡੀਆ ਦੇ ਬੱਲੇਬਾਜ਼ ਅਕਸ਼ਰ ਪਟੇਲ ਅਤੇ ਸੂਰਿਆਕੁਮਾਰ ਯਾਦਵ ਦੀਆਂ ਤੂਫਾਨੀ ਪਾਰੀਆਂ ਵੀ ਇੰਡੀਆ ਦੀ ਝੋਲੀ ਜਿੱਤ ਪਾਉਣ ‘ਚ ਨਾਕਾਮ ਰਹੀਆਂ। ਟੀ-20 ਲੜੀ ਦੇ ਦੂਜੇ ਮੈਚ ‘ਚ ਸ੍ਰੀਲੰਕਾ ਨੇ ਇੰਡੀਆ ਨੂੰ 16 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਉਸ ਨੇ 3 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ ਪਰ ਭਾਰਤੀ ਗੇਂਦਬਾਜ਼ ਲੈਅ ‘ਚ ਨਹੀਂ ਦਿਖੇ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਸ੍ਰੀਲੰਕਾ ਦੀ ਟੀਮ ਨੇ 20 ਓਵਰਾਂ ‘ਚ 6 ਵਿਕਟਾਂ ਗੁਆ ਕੇ 206 ਦੌੜਾਂ ਬਣਾਈਆਂ। ਕਪਤਾਨ ਸ਼ਨਕਾ ਦੀ 22 ਗੇਂਦਾਂ ‘ਚ 56 ਦੌੜਾਂ ਦੀ ਅਜੇਤੂ ਪਾਰੀ ਅਤੇ ਕੁਸ਼ਲ ਮੈਂਡਿਸ ਦੇ ਅਰਧ ਸੈਂਕੜੇ ਸਦਕਾ ਇੰਡੀਆ ਸਾਹਮਣੇ 207 ਦੌੜਾਂ ਦਾ ਵੱਡਾ ਟੀਚਾ ਰੱਖਿਆ ਗਿਆ। ਪਹਿਲੀ ਪਾਰੀ ‘ਚ ਅਰਸ਼ਦੀਪ ਸਿੰਘ ਨੇ ਬੇਹੱਦ ਖਰਾਬ ਪ੍ਰਦਰਸ਼ਨ ਕਰਦਿਆਂ 5 ਨੋ ਬਾਲਜ਼ ਸੁੱਟੀਆਂ। ਉਸ ਨੇ 2 ਓਵਰਾਂ ‘ਚ 37 ਦੌੜਾਂ ਵੀ ਲੁਟਾ ਦਿੱਤੀਆਂ। ਪਿਛਲੇ ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸ਼ਿਵਮ ਮਾਵੀ ਵੀ ਕਾਫੀ ਮਹਿੰਗੇ ਸਾਬਤ ਹੋਏ ਤੇ ਆਪਣੇ 4 ਓਵਰਾਂ ‘ਚ 53 ਦੌੜਾਂ ਦਿੱਤੀਆਂ। ਹਾਲਾਂਕਿ ਉਮਰਾਨ ਮਲਿਕ ਨੇ 3, ਅਕਸਰ ਪਟੇਲ ਨੇ 2 ਅਤੇ ਚਹਿਲ ਨੇ 2 ਵਿਕਟ ਝਟਕੀ। ਵੱਡੇ ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ ਤੇ ਇਸ ਨੇ 57 ਦੌੜਾਂ ਦੇ ਅੰਦਰ ਆਪਣੀਆਂ 5 ਵਿਕਟਾਂ ਗੁਆ ਦਿੱਤੀਆਂ। ਹਾਲਾਂਕਿ ਉਸ ਤੋਂ ਬਾਅਦ ਅਕਸ਼ਰ ਪਟੇਲ ਨੇ 31 ਗੇਂਦਾਂ ‘ਚ 65 ਅਤੇ ਸੂਰਿਯਾਕੁਮਾਰ ਯਾਦਵ ਨੇ 36 ਗੇਂਦਾਂ ‘ਚ 51 ਦੌੜਾਂ ਬਣਾ ਕੇ ਜਿੱਤ ਦੀ ਆਸ ਬੰਨ੍ਹੀ। ਅਖੀਰ ‘ਚ ਸ਼ਿਵਮ ਮਾਵੀ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ ਪਰ ਇਸ ਦੇ ਬਾਵਜੂਦ ਭਾਰਤੀ ਟੀਮ ਨਿਰਧਾਰਿਤ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 190 ਦੌੜਾਂ ਹੀ ਬਣਾ ਪਾਈ।